ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਘਟਨਾ 'ਤੇ ਫ਼ਿਲਮ ਬਣੇਗੀ। ਮਿਊਜ਼ਿਕ ਕੰਪਨੀ ਚਲਾਉਣ ਵਾਲੇ ਵਿਜੇ ਸ਼ੇਖਰ ਗੁਪਤਾ ਨੇ ਸੁਸ਼ਾਂਤ 'ਤੇ ਆਧਾਰਤ ਫ਼ਿਲਮ ਬਣਾਉਣ ਦਾ ਫੈਸਲਾ ਵੀ ਕਰ ਲਿਆ ਹੈ। ਫ਼ਿਲਮ ਦਾ ਨਾਂਅ ਰੱਖ ਲਿਆ ਗਿਆ ਹੈ ਤੇ ਜਲਦ ਹੀ ਇਸ ਦੀ ਸ਼ੂਟਿੰਗ ਕੀਤੀ ਜਾਵੇਗੀ।
ਫ਼ਿਲਮ ਦਾ ਨਾਂਅ ਹੋਵੇਗਾ 'ਸੁਸਾਇਡ ਔਰ ਮਰਡਰ'। ਵਿਜੇ ਨੇ ਦੱਸਿਆ ਕਿ ਇਹ ਫ਼ਿਲਮ ਸੁਸ਼ਾਂਤ ਦੀ ਜ਼ਿੰਦਗੀ 'ਤੇ ਆਧਾਰਤ ਨਹੀਂ ਹੈ, ਸਗੋਂ ਉਨ੍ਹਾਂ ਦੀ ਖੁਦਕੁਸ਼ੀ ਦੀ ਘਟਨਾ 'ਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਪ੍ਰੇਰਿਤ ਹੈ। ਅਜਿਹੇ 'ਚ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ।
ਵਿਜੇ ਦਾ ਮੰਨਣਾ ਹੈ ਕਿ ਸੁਸ਼ਾਂਤ ਦੀ ਖੁਦਕੁਸ਼ੀ ਪਿੱਛੇ ਉਨ੍ਹਾਂ ਦੇ ਹੱਥੋਂ 6-7 ਫ਼ਿਲਮਾਂ ਨਿਕਲ ਜਾਣ ਤੋਂ ਪੈਦਾ ਹੋਇਆ ਤਣਾਅ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ 'ਚ ਕੁਝ ਰਸੂਖ਼ਦਾਰ ਫਿਲਮ ਨਿਰਮਾਤਾ ਹੈ ਤੇ ਇਸ ਦੇ ਚੱਲਦਿਆਂ ਇੰਡਸਟਰੀ ਨਾਲ ਤਾਲੁੱਕ ਨਾ ਰੱਖਣ ਵਾਲੇ ਤੇ ਬਾਹਰ ਤੋਂ ਆਉਣ ਵਾਲੇ ਕਲਾਕਾਰਾਂ ਨਾਲ ਵਿਤਕਰਾ ਹੁੰਦਾ ਹੈ। ਉਨ੍ਹਾਂ ਨਾਲ ਬੁਰਾ ਵਤੀਰਾ ਹੁੰਦਾ ਹੈ। ਅਜਿਹੇ ਕਲਾਕਾਰਾਂ ਨੂੰ ਸਟਾਰ ਕਿਡਸ ਨਾਲੋਂ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ।
ਵਿਜੇ ਨੇ ਕਿਹਾ 'ਸੁਸਾਇਡ ਔਰ ਮਰਡਰ' ਸੁਸ਼ਾਂਤ ਦੇ ਬਹਾਨੇ ਇੰਡਸਟਰੀ 'ਚ ਆਉਣ ਵਾਲੇ ਅਜਿਹੇ ਤਮਾਮ ਲੋਕਾਂ ਦੀ ਕਹਾਣੀ ਬਿਆਨ ਕਰੇਗੀ, ਜੋ ਕੁਝ ਬਣਨ ਦਾ ਸੁਫ਼ਨਾ ਲੈਕੇ ਬਾਲੀਵੁੱਡ 'ਚ ਆਉਂਦੇ ਹਨ। ਪਰ ਇੰਡਸਟਰੀ 'ਚ ਕੁਝ ਚੋਣਵੇਂ ਲੋਕਾਂ ਦੀ ਮੋਨੋਪਲੀ ਤੇ ਨੈਪੋਟਿਜ਼ਮ ਦਾ ਸ਼ਿਕਾਰ ਹੁੰਦੇ ਹਨ।
ਸੁਸ਼ਾਂਤ ਦੀ ਮੌਤ ਤੋਂ ਸਿਰਫ਼ ਚਾਰ ਦਿਨ ਬਾਅਦ ਫ਼ਿਲਮ ਬਣਾਉਣ ਦੇ ਐਲਾਨ ਤੇ ਉਨ੍ਹਾਂ ਕਿਹਾ ਮੇਰੀ ਟੀਮ ਇਸ ਵਿਸ਼ੇ ਤੇ ਗਹਿਰਾ ਅਧਿਐਨ ਕਰ ਰਹੀ ਹੈ ਤੇ ਫ਼ਿਲਮ ਦੀ ਸਕ੍ਰਿਪਟ ਰਾਇਟਿੰਗ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਮੈਂ ਸੁਸ਼ਾਂਤ ਦੇ ਬੇਹੱਦ ਕਰੀਬੀ ਲੋਕਂ ਨੂੰ ਜਾਣਦਾ ਹਾਂ ਇਸ ਲਈ ਘਟਨਾ ਦੀ ਡੂੰਘਾਈ ਤਕ ਪਹੁੰਚਣਾ ਤੇ ਬਾਲੀਵੁੱਡ ਦੀ ਅਸਲੀਅਤ ਦਰਸਾਉਣਾ ਸਾਡੇ ਲਈ ਮੁਸ਼ਕਿਲ ਕੰਮ ਨਹੀਂ ਹੋਵੇਗਾ।
ਇਸ ਫ਼ਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਰੋਲ ਲਈ ਨਵੇਂ ਲੜਕੇ ਨੂੰ ਕਾਸਟ ਕਰ ਲਿਆ ਗਿਆ ਹੈ ਤੇ ਫ਼ਿਲਮ ਦੀ ਬਾਕੀ ਕਾਸਟ ਵੀ ਨਵੀਂ ਹੋਵੇਗੀ। ਫ਼ਿਲਮ ਦੀ ਸ਼ੂਟਿੰਗ 15 ਜੁਲਾਈ ਤੋਂ ਸ਼ੁਰੂ ਹੋਵੇਗੀ ਤੇ ਸਤੰਬਰ ਮਹੀਨੇ ਸਿਨੇਮਾ ਘਰਾਂ 'ਚ ਰਿਲੀਜ਼ ਦੀ ਯੋਜਨਾ ਹੈ। ਜੇਕਰ ਇਸ ਸਮੇਂ ਦੌਰਾਨ ਤਾਲਾਬੰਦੀ ਰਹੀ ਤਾਂ ਫ਼ਿਲਮ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਭਾਰਤ-ਚੀਨ ਵਿਵਾਦ 'ਤੇ ਮੋਦੀ ਨੇ ਸੱਦੀ ਮੀਟਿੰਗ, ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਵੀ ਹੋਣਗੇ ਸ਼ਾਮਲ
ਨਹੀਂ ਰੁਕਿਆ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ ਸਥਿਤੀ ਗੰਭੀਰ, 85 ਲੱਖ ਤੋਂ ਟੱਪਿਆ ਅੰਕੜਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ