Flood in Punjab: ਪੰਜਾਬ ਇਨ੍ਹੀਂ ਦਿਨੀਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਪਾਣੀ ਵਿੱਚ ਰੁੜ੍ਹ ਗਈਆਂ ਹਨ। ਘਰ ਢਹਿ ਗਏ ਹਨ ਤੇ ਲੋਕਾਂ ਦੇ ਸੁਪਨੇ ਪਾਣੀ ਦੀਆਂ ਲਹਿਰਾਂ ਵਿੱਚ ਵਹਿ ਗਏ ਹਨ। ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀਆਂ ਅੱਖਾਂ ਵਿੱਚ ਸਵਾਲ ਹਨ। ਬੁੱਲ੍ਹਾਂ 'ਤੇ ਚੁੱਪੀ ਹੈ ਤੇ ਦਿਲਾਂ ਵਿੱਚ ਦਰਦ ਹੈ। ਇਸ ਸਭ ਦੇ ਬਾਵਜੂਦ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਅਹਿਮ ਗੱਲ ਹੈ ਕਿ ਇਸ ਵਾਰ ਸਰਕਾਰਾਂ ਦੀ ਉਡੀਕ ਕੀਤੇ ਬਗੈਰ ਲੋਕ ਖੁਦ ਹੀ ਲੋਕਾਂ ਦੀ ਮਦਦ ਲਈ ਨਿਕਲ ਤੁਰੇ। 

Continues below advertisement


ਪੰਜਾਬ ਲਈ ਦੂਜੇ ਰਾਜਾਂ ਤੋਂ ਹਰ ਧਰਮ ਤੇ ਵਰਗ ਦੇ ਲੋਕਾਂ ਨੇ ਹੱਥ ਵਧਾਇਆ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਵੀ ਦਿਲ ਖੋਲ੍ਹ ਕੇ ਮਦਦ ਕੀਤੀ। ਇਸ ਸਭ ਕਾਸੇ ਵਿੱਚ ਬਾਲੀਵੁੱਡ ਤੇ ਪਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਵੀ ਪੰਜਾਬ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਹੈ। ਸਲਮਾਨ ਖਾਨ, ਅਕਸ਼ੈ ਕੁਮਾਰ, ਰਣਦੀਪ ਹੁੱਡਾ ਤੇ ਅਜਿਹੇ ਕਈ ਵੱਡੇ ਨਾਵਾਂ ਨੇ ਲੋੜ ਦੇ ਸਮੇਂ ਪੰਜਾਬ ਦੇ ਲੋਕਾਂ ਦੀ ਮਦਦ ਲਈ ਆਪਣੇ ਹੱਥ ਵਧਾਏ ਹਨ। 


ਜਸਬੀਰ ਜੱਸੀ ਨੇ ਕੀਤੀ ਸ਼ੁਰੂਆਤ


ਹੜ੍ਹ ਪੀੜਤਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਪੁਕਾਰ ਗਾਇਕ ਜਸਬੀਰ ਜੱਸੀ ਨੇ ਲਾਈ। ਉਹ ਖੁਦ ਹੜ੍ਹ ਪੀੜਤ ਇਲਾਕਿਆਂ ਵਿੱਚ ਜਾ ਲੋਕਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਹੋਰ ਕਲਾਕਾਰਾਂ ਨੂੰ ਵੀ ਮਦਦ ਲਈ ਅੱਗੇ ਆਉਣ ਲਈ ਕਿਹਾ। ਉਨ੍ਹਾਂ ਨੇ ਇੱਕ ਹੈਲਪਲਾਈਨ ਨੰਬਰ 9810139792 ਸਾਂਝਾ ਕੀਤਾ। ਇਸ ਰਾਹੀਂ ਹੜ੍ਹ ਪ੍ਰਭਾਵਿਤ ਲੋਕ ਪਾਣੀ, ਪਸ਼ੂਆਂ ਲਈ ਚਾਰਾ ਆਦਿ ਵਰਗੀਆਂ ਆਪਣੀਆਂ ਜ਼ਰੂਰਤਾਂ ਦਰਜ ਕਰ ਸਕਦੇ ਹਨ। ਉਨ੍ਹਾਂ ਦੀ ਰਾਹਤ ਕਾਰਜ ਟੀਮ ਤੁਰੰਤ ਸਹਾਇਤਾ ਦਾ ਭਰੋਸਾ ਦੇ ਰਹੀ ਹੈ। ਉਹ ਅੰਮ੍ਰਿਤਸਰ ਦੇ ਅਜਨਾਲਾ ਬਲਾਕ ਵਿੱਚ ਰਾਹਤ ਸਮੱਗਰੀ ਪਹੁੰਚਾਉਣ, ਜ਼ਰੂਰਤਾਂ ਦਾ ਮੁਲਾਂਕਣ ਕਰਨ ਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਹਤ ਪ੍ਰਦਾਨ ਕਰਨ ਵਰਗੇ ਕੰਮਾਂ ਵਿੱਚ ਲੱਗੇ ਹੋਏ ਹਨ।



ਸਤਿੰਦਰ ਸਰਤਾਜ: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿੱਚ 500 ਪਰਿਵਾਰਾਂ ਲਈ 1 ਮਹੀਨੇ ਦਾ ਰਾਸ਼ਨ ਭੇਜਿਆ। ਉਨ੍ਹਾਂ ਦੀ ਟੀਮ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸਿੱਧੇ ਰਾਹਤ ਸਮੱਗਰੀ ਪਹੁੰਚਾਈ। ਸਤਿੰਦਰ ਸਰਤਾਜ ਨੇ ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਰਾਸ਼ਨ ਕਿੱਟਾਂ, ਪਸ਼ੂਆਂ ਦਾ ਚਾਰਾ ਤੇ ਹੋਰ ਜ਼ਰੂਰੀ ਸਮੱਗਰੀ ਵੰਡਣ ਦਾ ਪ੍ਰਬੰਧ ਕੀਤਾ।


ਅਕਸ਼ੈ ਕੁਮਾਰ: ਅਕਸ਼ੈ ਕੁਮਾਰ ਹਮੇਸ਼ਾ ਸੰਕਟ ਦੇ ਸਮੇਂ ਅੱਗੇ ਆਉਂਦੇ ਹਨ। ਇਸ ਵਾਰ ਵੀ ਅਦਾਕਾਰ ਨੇ ਪੰਜਾਬ ਵਿੱਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਲਈ 5 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਅਦਾਕਾਰ ਨੇ ਕਿਹਾ ਹੈ ਕਿ ਇਹ ਕੋਈ ਦਾਨ ਨਹੀਂ, ਸਗੋਂ ਉਸ ਵੱਲੋਂ ਇੱਕ ਸੇਵਾ ਹੈ ਤੇ ਜਦੋਂ ਵੀ ਉਸ ਨੂੰ ਅਜਿਹਾ ਕਰਨ ਦਾ ਮੌਕਾ ਮਿਲਦਾ ਹੈ, ਉਹ ਧੰਨ ਮਹਿਸੂਸ ਕਰਦਾ ਹੈ।


ਸਲਮਾਨ ਖਾਨ: ਪੰਜਾਬ ਵਿੱਚ ਆਏ ਹੜ੍ਹਾਂ ਵਿੱਚ ਸਲਮਾਨ ਖਾਨ ਦੀ ਸੰਸਥਾ ਬੀਇੰਗ ਹਿਊਮਨ ਨੇ ਰਾਹਤ ਤੇ ਬਚਾਅ ਕਾਰਜਾਂ ਲਈ 5 ਵਿਸ਼ੇਸ਼ ਕਿਸ਼ਤੀਆਂ ਭੇਜੀਆਂ ਜਿਨ੍ਹਾਂ ਵਿੱਚੋਂ 2 ਨੂੰ ਫਿਰੋਜ਼ਪੁਰ ਸਰਹੱਦ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਗਿਆ ਤੇ 3 ਹੋਰ ਪ੍ਰਭਾਵਿਤ ਖੇਤਰਾਂ ਵਿੱਚ ਵਰਤੀਆਂ ਜਾ ਰਹੀਆਂ ਹਨ। ਇਨ੍ਹਾਂ ਕਿਸ਼ਤੀਆਂ ਨਾਲ ਕਈ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਜ਼ਰੂਰੀ ਸਾਮਾਨ ਵੀ ਪਹੁੰਚਾਇਆ ਗਿਆ। ਸੰਗਠਨ ਨੇ ਭਰੋਸਾ ਦਿੱਤਾ ਹੈ ਕਿ ਜਿਵੇਂ ਹੀ ਸਥਿਤੀ ਆਮ ਹੋਵੇਗੀ, ਉਹ ਸਰਹੱਦ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਵੇਗਾ ਤੇ ਪੁਨਰ ਨਿਰਮਾਣ ਵਿੱਚ ਮਦਦ ਕਰੇਗਾ।



ਵਿੱਕੀ ਕੌਸ਼ਲ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਰਾਹਤ ਕਾਰਜਾਂ ਵਿੱਚ ਯੋਗਦਾਨ ਪਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਗਲੋਬਲ ਸਿੱਖ ਫਾਊਂਡੇਸ਼ਨ ਦੇ ਸਹਿਯੋਗ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਮੁਫ਼ਤ ਐਂਬੂਲੈਂਸਾਂ ਤੇ ਮੈਡੀਕਲ ਵੈਨਾਂ ਚਲਾਉਣ ਲਈ ਵੀ ਆਪਣਾ ਹੱਥ ਵਧਾਇਆ ਹੈ ਤਾਂ ਜੋ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਮਿਲ ਸਕਣ।



ਦਿਲਜੀਤ ਦੋਸਾਂਝ: ਦਿਲਜੀਤ ਦੋਸਾਂਝ ਨੇ ਆਪਣੀ ਸਾਂਝ ਫਾਊਂਡੇਸ਼ਨ ਰਾਹੀਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ 10 ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੋਦ ਲਿਆ ਹੈ। ਰਾਹਤ ਦੇ ਪਹਿਲੇ ਪੜਾਅ ਵਿੱਚ ਉਨ੍ਹਾਂ ਦੀ ਟੀਮ ਪ੍ਰਭਾਵਿਤ ਪਰਿਵਾਰਾਂ ਨੂੰ ਸੋਲਰ ਲਾਈਟਾਂ, ਤਰਪਾਲਾਂ, ਦਵਾਈਆਂ, ਭੋਜਨ ਤੇ ਸਾਫ਼ ਪਾਣੀ ਪ੍ਰਦਾਨ ਕਰ ਰਹੀ ਹੈ। ਪਾਣੀ ਘੱਟਣ ਤੋਂ ਬਾਅਦ ਦੂਜੇ ਪੜਾਅ ਵਿੱਚ ਘਰ ਬਣਾਉਣ, ਰੁਜ਼ਗਾਰ ਬਹਾਲ ਕਰਨ ਤੇ ਪਸ਼ੂਆਂ ਦੀ ਦੇਖਭਾਲ 'ਤੇ ਕੰਮ ਕੀਤਾ ਜਾਵੇਗਾ। 



ਸੋਨੂੰ ਸੂਦ: ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਅਦਾਕਾਰ ਤੇ ਸਮਾਜ ਸੇਵਕ ਸੋਨੂੰ ਸੂਦ ਆਪਣੇ ਰਾਜ ਦੇ ਲੋਕਾਂ ਦੀ ਮਦਦ ਲਈ ਮੈਦਾਨ ਵਿੱਚ ਉਤਰੇ ਹਨ। ਉਨ੍ਹਾਂ ਨੇ ਆਪਣੀ ਸੰਸਥਾ 'ਸੂਦ ਚੈਰਿਟੀ ਫਾਊਂਡੇਸ਼ਨ' ਰਾਹੀਂ ਰਾਹਤ ਮੁਹਿੰਮ ਸ਼ੁਰੂ ਕੀਤੀ ਹੈ। ਸੋਨੂੰ ਨੇ ਮੈਡੀਕਲ ਵੈਨਾਂ ਤੇ ਸਿਹਤ ਕੈਂਪਾਂ ਦਾ ਪ੍ਰਬੰਧ ਕੀਤਾ ਤਾਂ ਜੋ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਤੁਰੰਤ ਇਲਾਜ ਮਿਲ ਸਕੇ। ਇਸ ਦੇ ਨਾਲ ਹੀ ਦਵਾਈਆਂ, ਖਾਣ-ਪੀਣ ਦੀਆਂ ਚੀਜ਼ਾਂ, ਮੱਛਰਦਾਨੀਆਂ ਤੇ ਜ਼ਰੂਰੀ ਚੀਜ਼ਾਂ ਵੀ ਲਗਾਤਾਰ ਵੰਡੀਆਂ ਜਾ ਰਹੀਆਂ ਹਨ। ਸੂਦ ਨੇ ਨੀਵੇਂ ਇਲਾਕਿਆਂ ਵਿੱਚ ਬਚਾਅ ਕਾਰਜਾਂ ਲਈ ਕਿਸ਼ਤੀਆਂ ਭੇਜੀਆਂ ਹਨ। 


ਗਿੱਪੀ ਗਰੇਵਾਲ: ਗਿੱਪੀ ਗਰੇਵਾਲ ਦੀਆਂ ਟੀਮਾਂ ਅਜਨਾਲਾ ਤੇ ਫਾਜ਼ਿਲਕਾ ਵਿੱਚ ਸਰਗਰਮ ਹਨ। ਗਿੱਪੀ ਗਰੇਵਾਲ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਚਾਰੇ ਨਾਲ ਭਰਿਆ ਟਰੱਕ ਭੇਜਿਆ ਤਾਂ ਜੋ ਉਨ੍ਹਾਂ ਦੇ ਜਾਨਵਰਾਂ ਦੀ ਜਾਨ ਸੁਰੱਖਿਅਤ ਰਹੇ ਤੇ ਕਿਸਾਨਾਂ ਨੂੰ ਸੰਕਟ ਤੋਂ ਕੁਝ ਰਾਹਤ ਮਿਲ ਸਕੇ। ਇਹ ਮਦਦ ਖਾਸ ਤੌਰ 'ਤੇ ਅਜਨਾਲਾ ਤੇ ਫਾਜ਼ਿਲਕਾ ਵਰਗੇ ਭਾਰੀ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਈ ਗਈ। ਗਿੱਪੀ ਦੀ ਰਾਹਤ ਟੀਮ ਸਥਾਨਕ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮੱਗਰੀ ਦੀ ਆਵਾਜਾਈ ਤੇ ਵੰਡ ਨੂੰ ਯਕੀਨੀ ਬਣਾ ਰਹੀ ਹੈ। 


ਐਮੀ ਵਿਰਕ: ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਐਮੀ ਵਿਰਕ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਆਸਰਾ ਤੇ ਵਿਸ਼ਵਾਸ ਪ੍ਰਦਾਨ ਕਰਨ ਲਈ 200 ਹੜ੍ਹ ਪ੍ਰਭਾਵਿਤ ਘਰਾਂ ਨੂੰ ਗੋਦ ਲਿਆ। ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ - "ਇਹ ਸਿਰਫ਼ ਇੱਕ ਛੱਤ ਨਹੀਂ, ਇਹ ਉਮੀਦ ਤੇ ਸਤਿਕਾਰ ਵਾਪਸ ਕਰਨ ਦੀ ਕੋਸ਼ਿਸ਼ ਹੈ।" ਉਸ ਦਾ ਇਹ ਕਦਮ ਹੜ੍ਹ ਪੀੜਤਾਂ ਲਈ ਸਥਿਰਤਾ ਤੇ ਲੰਬੇ ਸਮੇਂ ਦੇ ਪੁਨਰ ਨਿਰਮਾਣ ਲਈ ਉਮੀਦ ਦਾ ਸੰਚਾਰ ਹੈ, ਜੋ ਮੁਸ਼ਕਲ ਨਾਲ ਜੂਝ ਰਹੇ ਲੋਕਾਂ ਲਈ ਸਭ ਤੋਂ ਵੱਡਾ ਸਹਾਰਾ ਬਣ ਰਿਹਾ ਹੈ।


ਕਰਨ ਔਜਲਾ: ਪੰਜਾਬੀ ਗਾਇਕ ਕਰਨ ਔਜਲਾ ਨੇ NGO ਇਨੀਸ਼ੀਏਟਰ ਆਫ਼ ਚੇਂਜ ਨੂੰ ਜ਼ਮੀਨ 'ਤੇ ਮੌਜੂਦ ਦੇਖ ਕੇ ਤੁਰੰਤ 3.5 ਲੱਖ ਰੁਪਏ ਦੀ ਇੱਕ ਮੋਟਰਬੋਟ ਦਾਨ ਕੀਤੀ। ਇਸ ਕਿਸ਼ਤੀ ਨੂੰ ਲੁਧਿਆਣਾ ਤੋਂ ਅਜਨਾਲਾ, ਫਾਜ਼ਿਲਕਾ ਤੇ ਰਾਮਦਾਸ ਖੇਤਰ ਵਿੱਚ ਹਵਾਈ ਜਹਾਜ਼ ਰਾਹੀਂ ਭੇਜਿਆ ਗਿਆ ਸੀ।