Kangana Ranaut: ਅਦਾਕਾਰਾ ਤੇ ਸੰਸਦ ਮੈਂਬਰ ਕੰਗਣਾ ਰਣੌਤ ਬੀਜੇਪੀ ਲਈ ਨਿੱਤ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਰਹੀ ਹੈ। ਖੇਤੀ ਕਾਨੂੰਨਾਂ ਬਾਰੇ ਤਾਜ਼ਾ ਵਿਵਾਦਤ ਬਿਆਨ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਅੰਦਰ ਬੀਜੇਪੀ ਦੀ ਹਾਲਤ ਕਸੂਤੀ ਬਣ ਗਈ ਹੈ। ਹਰਿਆਣਾ ਬੀਜੇਪੀ ਦੇ ਲੀਡਰ ਕੰਗਣਾ ਤੋਂ ਔਖੇ ਜਾਪ ਰਹੇ ਹਨ। ਹਰ ਕਿਸੇ ਨੇ ਕੰਗਣਾ ਰਣੌਤ ਦੇ ਬਿਆਨ ਤੋਂ ਪਾਸਾ ਵੱਟ ਲਿਆ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਕੰਗਣਾ ਦੇ ਬਿਆਨ ਕਿਸਾਨ ਵੋਟਰਾਂ ਨੂੰ ਨਾਰਾਜ਼ ਕਰ ਰਹੇ ਹਨ। ਇਸ ਨਾਲ ਪਿੰਡਾਂ ਵਿੱਚ ਬੀਜੇਪੀ ਪ੍ਰਤੀ ਰੋਸ ਵਧ ਰਿਹਾ ਹੈ। ਕੰਗਣਾ ਦੇ ਬਿਆਨ ਬੀਜੇਪੀ ਉਮੀਦਵਾਰਾਂ ਲਈ ਮੁਸੀਬਤ ਖੜ੍ਹੀ ਕਰ ਰਹੇ ਹਨ। ਇਸ ਨਾਲ ਚੋਣਾਂ ਵਿੱਚ ਬੀਜੇਪੀ ਨੂੰ ਝਟਕਾ ਲੱਗ ਸਕਦਾ ਹੈ।
ਦੂਜੇ ਪਾਸੇ ਕੰਗਨਾ ਦੇ ਬਿਆਨ 'ਤੇ ਜੀਂਦ 'ਚ ਖਾਪਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ। ਇਸ ਕੜੀ ਵਿੱਚ ਮਾਜਰਾ ਖਾਪ ਤੇ ਜੀਂਦ ਦੀ ਚਹਿਲ ਖਾਪ ਦੇ ਬਿਆਨ ਸਾਹਮਣੇ ਆਏ ਹਨ। ਮਾਜਰਾ ਖਾਪ ਦਾ ਕਹਿਣਾ ਹੈ ਕਿ ਸੁਰੱਖਿਆ ਗਾਰਡ ਦੇ ਅੰਦਰ ਬੈਠ ਕੇ ਬੋਲਣਾ ਬਹਾਦਰੀ ਨਹੀਂ ਹੈ। ਜੇਕਰ ਹਿੰਮਤ ਹੈ ਤਾਂ ਕੰਗਨਾ ਹਰਿਆਣਾ ਆ ਕੇ ਬੋਲੇ।
ਖਾਪ ਲੀਡਰਾਂ ਨੇ ਕਿਹਾ ਕਿ ਕੰਗਨਾ ਆਪਣੀ ਜ਼ੁਬਾਨ 'ਤੇ ਕਾਬੂ ਕਰੇ, ਨਹੀਂ ਤਾਂ ਕਿਤੇ ਚੰਡੀਗੜ੍ਹ ਏਅਰਪੋਰਟ ਵਰਗਾ ਹੀ ਦੁਬਾਰਾ ਨਾ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੰਗਨਾ ਚੁੱਪ ਨਾ ਹੋਈ ਤਾਂ ਜਲਦੀ ਹੀ ਸਾਰੀਆਂ ਖਾਪਾਂ ਤੇ ਸੰਗਠਨ ਮਿਲ ਕੇ ਵੱਡਾ ਫੈਸਲਾ ਲੈਣਗੇ।
ਇਸ ਸੰਦਰਭ ਵਿੱਚ ਚਾਹਲ ਖਾਪ ਦਾ ਕਹਿਣਾ ਹੈ ਕਿ ਇਹ ਬਿਆਨ ਕੰਗਣਾ ਦਾ ਨਹੀਂ ਸਗੋਂ ਸਰਕਾਰ ਦਾ ਹੈ। ਸਰਕਾਰ ਨੂੰ ਜਲਦੀ ਹੀ ਕੰਗਨਾ ਨੂੰ ਚੁੱਪ ਕਰਾਉਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਉਸ ਨੂੰ ਚੁੱਪ ਕਰਾ ਦੇਵਾਂਗੇ। ਹੁਣ ਬਿਆਨਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਮੂੰਹ ਤੋੜਵਾਂ ਜਵਾਬ ਦੇਵਾਂਗੇ।
ਚਾਹਲ ਖਾਪ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੰਗਣਾ 750 ਕਿਸਾਨਾਂ ਦੀ ਸ਼ਹਾਦਤ ਨਾਲ ਹੋਏ ਜ਼ਖਮਾਂ 'ਤੇ ਲੂਣ ਛਿੜਕ ਰਹੀ ਹੈ। ਇਸ ਸਬੰਧੀ ਜਲਦੀ ਹੀ ਮਹਾਪੰਚਾਇਤ ਬੁਲਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਆਨ ਦੇ ਰਹੀ ਹੈ ਪਰ ਹਿੰਮਤ ਹੈ ਤਾਂ ਕਾਨੂੰਨ ਵਾਪਸ ਲਿਆ ਕੇ ਦਿਖਾਓ।