ਸ਼੍ਰੀਦੇਵੀ ਦੀ ਧੀ ਜਾਨ੍ਹਵੀ ਲਈ ਲਤਾ ਮੰਗੇਸ਼ਕਰ ਦਾ ਵੱਡਾ ਐਲਾਨ
ਏਬੀਪੀ ਸਾਂਝਾ | 24 Jul 2018 11:40 AM (IST)
ਮੁੰਬਈ: ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਅੱਜ ਬੇਸ਼ਕ ਫ਼ਿਲਮੀ ਗਾਣਿਆਂ ਤੋਂ ਦੂਰ ਹੈ, ਪਰ ਜਦੋਂ ਵੀ ਉਨ੍ਹਾਂ ਕਿਸੇ ਫ਼ਿਲਮ ‘ਚ ਆਪਣੀ ਆਵਾਜ਼ ਦਿੱਤੀ ਹੈ ਤਾਂ ਗਾਣਾ ਸਦੀਆਂ ਤਕ ਯਾਦ ਰਿਹਾ ਹੈ। ਹੁਣ ਇੱਕ ਵਾਰ ਫੇਰ ਲਤਾ ਦਾ ਧਿਆਨ ਕਿਸੇ ਨੇ ਬਾਲੀਵੁੱਡ ਦੇ ਗਾਣਿਆਂ ਵੱਲ ਖਿੱਚਿਆ ਹੈ। ਹਾਲ ਹੀ ਵਿੱਚ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਬਾਲੀਵੁੱਡ ਵਿੱਚ ਫ਼ਿਲਮ ‘ਧੜਕ’ ਨਾਲ ਡੈਬਿਊ ਕਰ ਚੁੱਕੀ ਹੈ। ਇਸ ਫ਼ਿਲਮ ਨੂੰ ਜਿਥੇ ਔਡੀਅੰਸ ਤੇ ਬਾਲੀਵੁੱਡ ਦੇ ਸਟਾਰਸ ਨੇ ਦੇਖਿਆ ਹੈ, ਉੱਥੇ ਹੀ ਇਸ ਨੂੰ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਦੇਖਿਆ ਹੈ। ਇਸ ਨੂੰ ਦੇਖ ਲਤਾ ਕਾਫੀ ਖੁਸ਼ ਹੋਈ ਤੇ ਉਨ੍ਹਾਂ ਨੇ ਜਾਨ੍ਹਵੀ ਲਈ ਉਸ ਦੀ ਫ਼ਿਲਮ ‘ਚ ਗਾਣਾ ਗਾਉਣ ਦੀ ਇੱਛਾ ਜ਼ਾਹਿਰ ਕੀਤੀ। ਲਤਾ ਨੇ ਕਿਹਾ, "ਬੋਨੀ ਤੇ ਅਨਿਲ ਦੋਵੇਂ ਸਾਡੇ ਬੇਹੱਦ ਕਰੀਬੀ ਹਨ। ਮੈਂ ਅਨਿਲ ਤੇ ਸੁਨੀਤਾ ਦੀ ਸਗਾਈ ‘ਚ ਵੀ ਗਈ ਸੀ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਧੀ ਸੋਨਮ ਦਾ ਵੀ ਵਿਆਹ ਹੋ ਚੁੱਕਿਆ ਹੈ। ਇੱਕ ਸਮਾਂ ਸੀ ਜਦੋਂ ਐਕਟਰਸ ਵਿਆਹ ਤੋਂ ਬਾਅਦ ਕੰਮ ਨਹੀਂ ਕਰਦੀਆਂ ਸੀ ਜਾਂ ਬਹੁਤ ਘੱਟ ਕੰਮ ਕਰਦੀਆਂ ਸੀ।" ਇਸ ਤੋਂ ਬਾਅਦ ਲਤਾ ਨੇ ਕਿਹਾ, "ਸ਼੍ਰੀਦੇਵੀ ਦੇ ਅਚਾਨਕ ਜਾਣ ਤੋਂ ਬਾਅਦ ਉਨ੍ਹਾਂ ਦੀ ਧੀ ਦਾ ਫ਼ਿਲਮੀ ਡੈਬਿਊ ਬੋਨੀ ਦੀ ਖੁਸ਼ੀ ਦੀ ਵਜ੍ਹਾ ਹੈ। ਜਾਨ੍ਹਵੀ ਬਹੁਤ ਪਿਆਰੀ ਹੈ। ਮੈਂ ਉਸ ਲਈ ਫ਼ਿਲਮ ‘ਚ ਗਾਣਾ ਗਾਉਣਾ ਪਸੰਦ ਕਰਾਂਗੀ।" ਇਹ ਗੱਲ ਜਾਨ੍ਹਵੀ ਲਈ ਕਾਫੀ ਮਾਇਨੇ ਰੱਖਦੀ ਹੈ। ਪਹਿਲੀ ਫ਼ਿਲਮ ਤੋਂ ਲੱਖਾਂ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲੀ ਜਾਨ੍ਹਵੀ ਦੀ ਅੱਗੇ ਦੀ ਰਾਹ ਅਸਾਨ ਨਹੀਂ ਹੋਣ ਵਾਲੀ। ਲਤਾ ਇਸ ਤੋਂ ਪਹਿਲਾਂ ਵੀ ਸ਼੍ਰੀਦੇਵੀ ਦੇ ਗਾਣਿਆਂ ਨੂੰ ਵੀ ਆਪਣੀ ਆਵਾਜ਼ ਦੇ ਚੁੱਕੀ ਹੈ। ਹਾਲ ਹੀ ‘ਚ ਅਨਿਲ ਦੀ ਫ਼ਿਲਮ ‘ਫੰਨੇ ਖਾਂ’ ਦਾ ‘ਅੱਛੇ ਦਿਨ’ ਆਇਆ ਹੈ ਜਿਸ ਲਈ ਲਤਾ ਨੇ ਅਨਿਲ ਦੀ ਕਾਫੀ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ।