ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਫੈਨਸ ਲਈ ਇਸ ਸਾਲ ਵੀ ਕਈ ਨਵੇਂ ਤੇ ਖਾਸ ਗਾਣੇ ਰਿਲੀਜ਼ ਹੋਣ ਵਾਲੇ ਹਨ। ਬਹੁਤ ਸਾਰੇ ਸਟਾਰਸ ਚੋਂ ਇੱਕ ਖਾਸ ਹੈ ਬੱਬਲ ਰਾਏ, ਜਿਸ ਨੇ ਇਸ ਸਾਲ ਹਾਲੇ ਤੱਕ ਇੱਕ ਵੀ ਗਾਣਾ ਰਿਲੀਜ਼ ਨਹੀਂ ਕੀਤਾ।


 

ਬੱਬਲ ਰਾਏ ਦਾ ਆਉਣ ਵਾਲਾ ਗਾਣਾ ਹੁਣੇ ਤੋਂ ਹੀ ਸ਼ੁਭ ਸੰਕੇਤ ਦੇ ਰਿਹਾ ਹੈ। ਆਪਣੇ ਇਸ ਗਾਣੇ ਲਈ ਬੱਬਲ ਨੇ ਗੀਤਕਾਰ ਰਣਬੀਰ ਸਿੰਘ ਤੇ ਸੁੱਖ ਸੰਘੇੜਾ ਨਾਲ ਹੱਥ ਮਿਲਾ ਲਿਆ ਹੈ। ਇਸ ਤੋਂ ਪਹਿਲਾਂ ਰਣਬੀਰ ਜ਼ਿਆਦਾਤਰ ਗਾਣੇ ਦਿਲਜੀਤ ਦੋਸਾਂਝ ਲਈ ਲਿਖਦੇ ਰਹੇ ਹਨ। ਇਨ੍ਹਾਂ ਵਿੱਚ ‘ਵੀਰਵਾਰ’, ‘ਹਵਾ ਵਿੱਚ’, ‘ਸੁਪਰ ਸਿੰਘ’, ‘ਗਲੋਰੀਅਸ ਗੱਲ੍ਹਾਂ ਵਰਗੇ ਹਿੱਟ ਗਾਣੇ ਲਿਖੇ ਨੇ।



ਗਾਣੇ ਦਾ ਮਿਊਜ਼ਿਕ ਦਿੱਤਾ ਹੈ ਦੇਸੀ ਰੂਟਜ਼ ਨੇ ਤੇ ਸੁੱਖ ਸੰਘੇਰਾ ਨੇ ਇਸ ਦਾ ਵੀਡੀਓ ਡਾਇਰੈਕਟ ਕੀਤਾ ਹੈ। ਬੱਬਲ ਰਾਏ ਦੇ ਪ੍ਰਸ਼ੰਸਕਾਂ ਨੂੰ ਦੱਸ ਦੇਈਏ ਕਿ ਗਾਣਾ ਤਿਆਰ ਹੈ ਬਸ ਇੰਤਜ਼ਾਰ ਹੈ ਤਾਂ ਸਿਰਫ਼ ਇਸ ਦੇ ਰਿਲੀਜ਼ ਹੋਣ ਦਾ। ਇਸ ਬਾਰੇ ਜਾਣਕਾਰੀ ਬੱਬਲ ਰਾਏ ਨੇ ਖ਼ੁਦ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਬੱਬਲ ਨੇ ਲਿਖੀਆ, ‘ਸ਼ੂਟਿੰਗ ਪੂਰੀ ਹੋਈ..! ਰਿਲੀਜ਼ ਤੇ ਗੀਤ ਦੇ ਨਾਂਅ ਲਈ ਥੋੜ੍ਹਾ ਇੰਤਜ਼ਾਰ ਕਰੋ’



ਨਾਲ ਹੀ ਇਸ ਪੋਸਟ ‘ਚ ਬੱਬਲ ਦੀ ਟੀ-ਸ਼ਰਟ ‘ਤੇ ਖਾਸ ਧਿਆਨ ਦੇਣ ਵਾਲੀ ਗੱਲ ਹੈ। ਬੱਬਲ ਦੀ ਟੀ ਸ਼ਰਟ ‘ਤੇ ਲਿਖਿਆ ਹੈ ‘ਸਮਰਾਲਾ’। ਸਮਰਾਲਾ ਪੰਜਾਬ ‘ਚ ਲੁਧਿਆਣਾ ਜ਼ਿਲ੍ਹੇ ਦਾ ਸ਼ਹਿਰ ਹੈ, ਜਿੱਥੇ ਬੱਬਲ ਰਾਏ ਦਾ ਜਨਮ ਹੋਇਆ ਹੈ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗਾਣੇ ਦਾ ਟਾਈਟਲ ‘ਸਮਰਾਲਾ’ ਹੋ ਸਕਦਾ ਹੈ।