ਮੁੰਬਈ: 'ਪਰਮਾਣੂ' ਫਿਲਮ ਨੂੰ ਲੈ ਕੇ ਜੌਨ ਅਬ੍ਰਾਹਮ ਤੇ ਪ੍ਰੋਡਕਸ਼ਨ ਹਾਊਸ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਪ੍ਰੇਰਣਾ ਅਰੋੜਾ ਦੇ ਪ੍ਰੋਡਕਸ਼ਨ ਹਾਊਸ ਕ੍ਰਿਅਰਜ਼ ਨੇ ਜੌਨ ਅਬ੍ਰਾਹਮ ਖਿਲਾਫ ਐਫ.ਆਰ.ਆਈ. ਦਰਜ ਕਰਵਾਈ ਸੀ ਪਰ ਹੁਣ ਜੌਨ ਅਬ੍ਰਾਹਮ ਨੇ ਪ੍ਰੇਰਨਾ ਖਿਲਾਫ ਐਫ.ਆਰ.ਆਈ. ਦਰਜ ਕਰਵਾਉਂਦੇ ਹੋਏ ਧੋਖਾਧੜੀ ਦਾ ਦੋਸ਼ ਲਾਇਆ ਹੈ।
ਖ਼ਬਰ ਹੈ ਕਿ ਜੌਨ ਅਬ੍ਰਾਹਮ ਨੇ ਅਧਿਕਾਰਕ ਬਿਆਨ ਜਾਰੀ ਕੀਤਾ ਹੈ। ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਸ਼ਨੀਵਾਰ ਸ਼ਾਮ ਜੌਨ ਅਬ੍ਰਾਹਮ ਤੇ ਉਸ ਦੀ ਪ੍ਰੋਡਕਸ਼ਨ ਕੰਪਨੀ ਨੇ ਪ੍ਰੇਰਣਾ ਤੇ ਕ੍ਰਿਅਰਜ਼ ਪ੍ਰੋਡਕਸ਼ਨ ਹਾਊਸ ਖਿਲਾਫ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ 'ਚ ਐਫ.ਆਰ.ਆਈ. ਦਰਜ ਕਰਵਾਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪ੍ਰੇਰਣਾ ਦੀ ਕੰਪਨੀ ਲਗਾਤਾਰ ਤੈਅ ਹੋਈ ਰਕਮ ਦੇਣ 'ਚ ਦੇਰੀ ਕਰ ਰਹੀ ਸੀ। ਜਦੋਂ ਪ੍ਰੇਰਨਾ ਨੇ ਨੋਟਿਸ ਦੇਣ ਤੋਂ ਬਾਅਦ ਵੀ ਭੁਗਤਾਨ ਨਹੀਂ ਕੀਤਾ ਤਾਂ ਜੌਨ ਅਬ੍ਰਾਹਮ ਦੇ ਪ੍ਰੋਡਕਸ਼ਨ ਹਾਊਸ ਨੇ ਪ੍ਰੇਰਣਾ ਤੇ ਉਸ ਦੇ ਕ੍ਰਿਅਰਜ਼ ਪ੍ਰੋਡਕਸ਼ਨ ਹਾਊਸ ਨਾਲ ਨਾਤਾ ਤੋੜ ਲਿਆ।
ਹਾਸਲ ਜਾਣਕਾਰੀ ਮੁਤਾਬਕ ਪ੍ਰੇਰਨਾ ਨੇ ਆਪਣੇ ਅਤੇ ਪ੍ਰੋਡਕਸ਼ਨ ਦੇ ਕਿਸੇ ਵੀ ਮੈਬਰ ਖਿਲਾਫ ਐਫ.ਆਰ.ਆਈ. ਦਰਜ ਹੋਣ ਵਾਲੀ ਗੱਲ ਨੂੰ ਖਾਰਜ ਕੀਤਾ ਹੈ। ਪ੍ਰੇਰਨਾ ਤੇ ਉਸ ਦੀ ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਸ ਖਿਲਾਫ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜੌਨ ਅਬ੍ਰਾਹਮ ਦੀ ਕੰਪਨੀ ਸਿਰਫ ਉਸ ਦਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਇਸ ਮਾਮਲੇ 'ਚ ਕੀ ਫੈਸਲਾ ਹੋਵੇਗਾ ਇਹ ਕੋਰਟ 'ਚ ਤੈਅ ਕੀਤਾ ਜਾਵੇਗਾ। ਸਾਨੂੰ ਸਭ ਨੂੰ ਭਾਰਤੀ ਕਾਨੂੰਨ 'ਤੇ ਭਰੋਸਾ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਵਿਵਾਦਾਂ ਦੇ ਚਲਦਿਆਂ ਜੌਨ ਅਬ੍ਰਾਹਮ ਨੇ 2 ਦਿਨ ਪਹਿਲਾਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਜੌਨ ਨੇ ਇਹ ਟੀਜ਼ਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।