Actress Sreelekha Mitra: ਮਨੋਰੰਜਨ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦਰਅਸਲ, ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ 'ਚ ਵਿਵਾਦ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਰਿਪੋਰਟ ਨੇ ਮਲਿਆਲਮ ਫਿਲਮ ਇੰਡਸਟਰੀ ਦੇ ਕਾਲੇ ਸੱਚ ਦਾ ਪਰਦਾਫਾਸ਼ ਕੀਤਾ ਹੈ ਅਤੇ ਔਰਤਾਂ ਦੇ ਉਤਪੀੜਨ ਅਤੇ ਸ਼ੋਸ਼ਣ ਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ। ਜਿਸ ਨੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਤਹਿਲਕਾ ਮਚਾ ਦਿੱਤਾ ਹੈ।
ਇਸ ਦੌਰਾਨ ਬੰਗਾਲੀ ਅਭਿਨੇਤਰੀ ਸ਼੍ਰੀਲੇਖਾ ਮਿਤਰਾ ਨੇ ਵੀ ਆਪਣਾ ਸਾਲਾਂ ਪੁਰਾਣਾ ਦਰਦ ਜ਼ਾਹਰ ਕੀਤਾ ਹੈ ਅਤੇ ਮਲਿਆਲਮ ਦੇ ਮਸ਼ਹੂਰ ਨਿਰਦੇਸ਼ਕ ਅਤੇ ਸਰਕਾਰੀ ਕੇਰਲ ਚਲਚਿਤਰਾ ਅਕੈਡਮੀ ਦੇ ਚੇਅਰਪਰਸਨ ਰੰਜੀਤ 'ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੀਲੇਖਾ ਮਿੱਤਰਾ ਨੇ ਸਾਲ 2009 'ਚ ਵਾਪਰੀ ਇਸ ਘਟਨਾ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਇਕ ਫਿਲਮ ਦੇ ਸਿਲਸਿਲੇ 'ਚ ਰਣਜੀਤ ਨੂੰ ਉਨ੍ਹਾਂ ਦੇ ਘਰ ਮਿਲੀ ਸੀ, ਜਿੱਥੇ ਉਸ ਨੂੰ ਨਿਰਦੇਸ਼ਕ ਦਾ ਵਤੀਰਾ ਠੀਕ ਨਹੀਂ ਲੱਗਾ। ਫ਼ਿਲਮ ਦੀ ਕਹਾਣੀ ਬਾਰੇ ਰਣਜੀਤ ਨਾਲ ਗੱਲ ਕਰਦਿਆਂ ਉਹ ਅਸਹਿਜ ਮਹਿਸੂਸ ਕਰ ਰਹੀ ਸੀ। ਸ਼੍ਰੀਲੇਖਾ ਨੇ ਕਿਹਾ, 'ਉਹ ਕਾਲ 'ਤੇ ਸੀ। ਉੱਥੇ ਬਹੁਤ ਸਾਰੇ ਲੋਕ ਸਨ। ਉਹ ਇੱਕ ਸਿਨੇਮਾਟੋਗ੍ਰਾਫਰ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਜਿਸ ਨਾਲ ਮੈਂ ਕੰਮ ਕੀਤਾ ਹੈ। ਉਨ੍ਹਾਂ ਮੈਨੂੰ ਪੁੱਛਿਆ ਕਿ ਮੈਂ ਉਸ (ਸਿਨੇਮਾਟੋਗ੍ਰਾਫਰ) ਨਾਲ ਗੱਲ ਕਰਨਾ ਚਾਹੁੰਦੀ ਹਾਂ ਅਤੇ ਫਿਰ ਮੈਨੂੰ ਦੂਜੇ ਕਮਰੇ ਵਿੱਚ ਲੈ ਗਏ।
ਮਸ਼ਹੂਰ ਨਿਰਦੇਸ਼ਕ ਤੇ ਲਗਾਇਆ ਘਿਨੌਣਾ ਦੋਸ਼
ਅਦਾਕਾਰਾ ਨੇ ਦੱਸਿਆ ਕਿ ਰਣਜੀਤ ਉਸ ਨੂੰ ਬੈੱਡਰੂਮ ਵਿੱਚ ਲੈ ਗਿਆ, ਜਿੱਥੇ ਹਨੇਰਾ ਸੀ ਅਤੇ ਇੱਕ ਬਾਲਕੋਨੀ ਸੀ। ਜਦੋਂ ਮੈਂ ਸਿਨੇਮਾਟੋਗ੍ਰਾਫਰ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ ਤਾਂ ਉਹ (ਰਣਜੀਤ) ਮੇਰੇ ਕੋਲ ਖੜ੍ਹਾ ਸੀ। ਉਹ ਮੇਰੀਆਂ ਚੂੜੀਆਂ ਨਾਲ ਖੇਡ ਰਿਹਾ ਸੀ ਅਤੇ ਮੇਰੀ ਸਕਿਨ ਨੂੰ ਛੂਹ ਰਿਹਾ ਸੀ। ਔਰਤਾਂ ਅੰਦਰ ਸਿਕਸ ਸੈਂਸ ਹੁੰਦੀ ਹੈ। ਮੈਂ ਅਸਹਿਜ ਮਹਿਸੂਸ ਕਰ ਰਹੀ ਸੀ, ਪਰ ਮੈਂ ਸੋਚਿਆ ਸ਼ਾਇਦ ਇਹ ਸਿਰਫ ਮੇਰੀ ਸੋਚ ਸੀ। ਮੈਂ ਸੋਚਿਆ ਸ਼ਾਇਦ ਮੈਂ ਬਹੁਤ ਜ਼ਿਆਦਾ ਸੋਚ ਰਹੀ ਹਾਂ ਅਤੇ ਉਹ ਸਿਰਫ ਮੇਰੀਆਂ ਚੂੜੀਆਂ ਦੇਖਣਾ ਚਾਹੁੰਦਾ ਸੀ। ਮੈਨੂੰ ਉਨ੍ਹਾਂ ਨਾਲ ਚੰਗਾ ਨਹੀਂ ਲੱਗ ਰਿਹਾ ਸੀ। ਕਮਰੇ ਵਿੱਚ ਹਨੇਰਾ ਸੀ। ਉਸਨੇ ਮਹਿਸੂਸ ਕੀਤਾ ਕਿ ਮੈਂ ਪ੍ਰਤੀਕਿਰਿਆ ਨਹੀਂ ਕਰ ਰਹੀ ਸੀ ਅਤੇ ਆਪਣਾ ਹੱਥ ਨਹੀਂ ਹਟਾ ਰਹੀ ਸੀ, ਇਸ ਲਈ ਉਸਨੇ ਮੇਰੇ ਵਾਲਾਂ ਅਤੇ ਗਰਦਨ ਨਾਲ ਖੇਡਣ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਕਮਰੇ ਤੋਂ ਬਾਹਰ ਆ ਗਈ। ਮੈਂ ਹੈਰਾਨ ਨਹੀਂ ਸੀ। ਮੈਂ ਜਾਣਦੀ ਹਾਂ ਕਿ ਇੰਡਸਟਰੀ ਵਿੱਚ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ। ਇੱਥੇ ਚੰਗੇ ਅਤੇ ਮਾੜੇ ਦੋਵੇਂ ਹੀ ਲੋਕ ਹਨ।
ਨਿਰਦੇਸ਼ਕ ਨੇ ਦੋਸ਼ਾਂ ਨੂੰ ਕੀਤਾ ਰੱਦ
ਇਸਦੇ ਨਾਲ ਹੀ ਰੰਜੀਤ ਨੇ ਸ਼੍ਰੀਲੇਖਾ ਦੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਸ੍ਰੀਲੇਖਾ ਫ਼ਿਲਮ ਦੇ ਆਡੀਸ਼ਨ ਲਈ ਉਨ੍ਹਾਂ ਕੋਲ ਆਈ ਸੀ। ਉਸ ਫਲੈਟ ਵਿੱਚ ਫਿਲਮਸਾਜ਼ ਸ਼ੰਕਰ ਰਾਮਕ੍ਰਿਸ਼ਨਨ ਅਤੇ ਹੋਰ ਮੌਜੂਦ ਸਨ। ਇਹ ਕਥਿਤ ਘਟਨਾ ਉਥੇ ਨਹੀਂ ਵਾਪਰੀ। ਸਾਨੂੰ ਉਸ ਦਾ ਪ੍ਰਦਰਸ਼ਨ ਪਸੰਦ ਨਹੀਂ ਆਇਆ ਅਤੇ ਇਹ ਉਸ ਨੂੰ ਸਪੱਸ਼ਟ ਕਰ ਦਿੱਤਾ ਗਿਆ ਸੀ। ਇਸ ਸਮੇਂ ਇਹ ਵਿਵਾਦ ਖੜ੍ਹਾ ਕਰਨਾ ਉਨ੍ਹਾਂ ਦੀ ਸਾਜ਼ਿਸ਼ ਹੈ। ਜੇਕਰ ਉਹ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਇਹੀ ਜਵਾਬ ਮਿਲੇਗਾ।
ਇਸ ਦੇ ਨਾਲ ਹੀ ਸ਼੍ਰੀਲੇਖਾ ਮਿੱਤਰਾ ਦੇ ਦੋਸ਼ਾਂ 'ਤੇ ਕੇਰਲ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸਾਜੀ ਚੇਰਿਅਨ ਦਾ ਕਹਿਣਾ ਹੈ ਕਿ ਰਾਜ ਸਰਕਾਰ ਗਲਤ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਨਹੀਂ ਕਰੇਗੀ। ਜੇਕਰ ਰਣਜੀਤ 'ਤੇ ਲੱਗੇ ਦੋਸ਼ ਸਾਬਤ ਹੁੰਦੇ ਹਨ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਰਫ਼ ਦੋਸ਼ਾਂ ਦੇ ਆਧਾਰ ’ਤੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਕੇਰਲ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪੀ ਸਤੀਦੇਵੀ ਨੇ ਕਿਹਾ ਕਿ ਜੇਕਰ ਇਲਜ਼ਾਮ ਸਾਬਤ ਹੋ ਜਾਂਦੇ ਹਨ ਤਾਂ ਰੰਜੀਤ ਨੂੰ ਕੇਰਲ ਚਲਚਿਤਰਾ ਅਕੈਡਮੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਪਏਗਾ।