ਨਵੀਂ ਦਿੱਲੀ: ਅਦਾਕਾਰਾ ਕੰਗਨਾ ਰਣੌਤ ਨੇ ਵੱਡੇ ਵਿਵਾਦ ਵਿੱਚ ਫਸ ਗਈ ਹੈ। ਉਸ ਨੇ ਕਿਹਾ ਕਿ ਭਾਰਤ ਨੂੰ ਅਸਲ ਆਜ਼ਾਦੀ ਸਾਲ 2014 ਵਿੱਚ ਮਿਲੀ ਜਦੋਂ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੋਂਦ ’ਚ ਆਈ। ਉਸ ਨੇ 1947 ਵਿੱਚ ਮੁਲਕ ਨੂੰ ਮਿਲੀ ਆਜ਼ਾਦੀ ਨੂੰ ‘ਭੀਖ’ ਆਖ ਦਿੱਤਾ। ਕੰਗਣਾ ਦੇ ਇਸ ਦਾਅਵੇ ਮਗਰੋਂ ਦੇਸ਼ ਭਰ ਵਿੱਚ ਉਸ ਦਾ ਵਿਰੋਧ ਹੋਣ ਲੱਗਾ ਹੈ।


 


ਉਸ ਤੋਂ ਪਦਮਸ੍ਰੀ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਮੁੰਬਈ ਪੁਲਿਸ ਕੋਲ ਅਦਾਕਾਰਾ ਖ਼ਿਲਾਫ਼ ਦੇਸ਼ ਵਿਰੋਧੀ ਤੇ ਭੜਕਾਊ ਟਿੱਪਣੀਆਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਐਮਪੀ ਵਰੁਣ ਗਾਂਧੀ ਸਮੇਤ ਵੱਡੀ ਗਿਣਤੀ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਰਣੌਤ ਦੀਆਂ ਟਿੱਪਣੀਆਂ ’ਤੇ ਡੂੰਘਾ ਇਤਰਾਜ਼ ਜ਼ਾਹਰ ਕੀਤਾ।


 


ਭਾਜਪਾ ਦੇ ਪੀਲੀਭੀਤ ਤੋਂ ਐਮਪੀ ਵਰੁਣ ਗਾਂਧੀ ਨੇ ਟਵਿਟਰ ’ਤੇ ਰਨੌਤ ਦੀ 24 ਸਕਿੰਟ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਇੱਕ ਨਵੇਂ ਚੈਨਲ ਵੱਲੋਂ ਕਰਵਾਏ ਸ਼ੋਅ ਵਿੱਚ ਬਿਆਨ ਦੇ ਰਹੀ ਹੈ ਤੇ ਸਰੋਤਿਆਂ ’ਚ ਬੈਠੇ ਕੁਝ ਲੋਕ ਤਾੜੀਆਂ ਵਜਾ ਰਹੇ ਹਨ। ਵਰੁਣ ਗਾਂਧੀ ਨੇ ਕਿਹਾ,‘ਇਹ ਦੇਸ਼ ਵਿਰੋਧੀ ਕਾਰਾ ਹੈ ਤੇ  ਇਸ ਨੂੰ ਇਹੀ ਆਖਣਾ ਚਾਹੀਦਾ ਹੈ। ਅਜਿਹਾ ਨਾ ਕਰਨਾ ਉਨ੍ਹਾਂ ਸਾਰਿਆਂ ਨਾਲ ਧੋਖਾ ਹੋਵੇਗਾ ਜਿਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਖ਼ੂਨ ਵਹਾਇਆ।’ 


 


ਦੱਸ ਦਈਏ ਕਿ ਰਣੌਤ ਨੇ ਸ਼ੋਅ ਵਿੱਚ ਕਿਹਾ ਸੀ ਕਿ ਜੇਕਰ ਸਾਨੂੰ ਆਜ਼ਾਦੀ ਭੀਖ ਵਜੋਂ ਮਿਲਦੀ ਹੈ, ਤਾਂ ਕੀ ਇਹ ਆਜ਼ਾਦੀ ਹੈ? ਬ੍ਰਿਟਿਸ਼ ਸਰਕਾਰ ਨੇ ਪਿੱਛੇ ਕਾਂਗਰਸ ਦੇ ਨਾਂ ’ਤੇ ਜੋ ਛੱਡਿਆ... ਉਹ ਬ੍ਰਿਟਿਸ਼ ਸਰਕਾਰ ਦਾ ਹੀ ਅਗਲਾ ਰੂਪ ਸੀ...। ਕਾਂਗਰਸ ਦੇ ਸਲਮਾਨ ਨਿਜ਼ਾਮੀ ਨੇ ਕਿਹਾ,‘ਇਹ ਬਿਆਨ ਸਾਡੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ ਜਿਨ੍ਹਾਂ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।’ 


 


ਕੰਗਨਾ ਰਣੌਤ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਨੇ ਉਸਦੀਆਂ ਟਿੱਪਣੀਆਂ ਨੂੰ ‘ਦੇਸ਼ ਧ੍ਰੋਹ’ ਆਖਦਿਆਂ ਉਸ ਵੱਲੋਂ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਕੀਤੇ ਗਏ ਅਪਮਾਨ ਲਈ ਉਸ ਤੋਂ ਪਦਮਸ੍ਰੀ ਐਵਾਰਡ ਵਾਪਸ ਲੈਣ ਦੀ ਮੰਗ ਕੀਤੀ ਹੈ। ਕਾਂਗਰਸੀ ਬੁਲਾਰੇ ਗੌਰਵ ਵੱਲਭ ਨੇ ਕਿਹਾ ਕਿ ਜਦੋਂ ਗਲਤ ਲੋਕਾਂ ਨੂੰ ਪਦਮਸ੍ਰੀ ਮਿਲਦਾ ਹੈ ਤਾਂ ਇਹੋ ਕੁੱਝ ਵਾਪਰਦਾ ਹੈ। ਉਨ੍ਹਾਂ ਕਿਹਾ,‘ਮੈਂ ਮੰਗ ਕਰਦਾ ਹਾਂ ਕਿ ਕੰਗਨਾ ਮੁਆਫ਼ੀ ਮੰਗੇ ਕਿਉਂਕਿ ਉਸ ਦੇ ਬਿਆਨ ਨਾਲ ਆਜ਼ਾਦੀ ਦੀ ਲਹਿਰ ਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਅਪਮਾਨ ਹੋਇਆ ਹੈ।’ 



ਸੁਪ੍ਰਿਯਾ ਸ੍ਰੀਨੇਤ ਨੇ ਕਿਹਾ ਕਿ ਉਸਦੀ ਟਿੱਪਣੀ ਲੱਖਾਂ ਦੇਸ਼ ਵਾਸੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਗਾਲ੍ਹ ਕੱਢਣ ਦੇ ਬਰਾਬਰ ਹੈ, ਜਿਨ੍ਹਾਂ ’ਚ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਾਂ ਵੀ ਸ਼ਾਮਲ ਹਨ।