Manoj Kumar Death: ਬਾਲੀਵੁੱਡ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਭਾਰਤੀ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਮਨੋਜ ਕੁਮਾਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਦਾ 87 ਸਾਲ ਦੀ ਉਮਰ ਵਿੱਚ ਕੋਕਿਲਾਬੈਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਮਨੋਜ ਕੁਮਾਰ ਨੂੰ ਉਨ੍ਹਾਂ ਦੀ ਦੇਸ਼ਭਕਤੀ ਭਰਪੂਰ ਫ਼ਿਲਮਾਂ ਲਈ ਜਾਣਿਆ ਜਾਂਦਾ ਸੀ। ਉਹ ਬਾਲੀਵੁੱਡ ਵਿੱਚ 'ਭਾਰਤ ਕੁਮਾਰ' ਦੇ ਨਾਂਅ ਨਾਲ ਮਸ਼ਹੂਰ ਸਨ।
ਮਨੋਜ ਕੁਮਾਰ ਦੇ ਦਿਹਾਂਤ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਫੈਨਜ਼ ਅਤੇ ਸੈਲਿਬ੍ਰਿਟੀਜ਼ ਵੱਲੋਂ ਇਸ ਮਹਾਨ ਅਦਾਕਾਰ ਦੇ ਚਲੇ ਜਾਣ ’ਤੇ ਦੁੱਖ ਜਤਾਇਆ ਜਾ ਰਿਹਾ ਹੈ।
ਦੇਸ਼ਭਕਤੀ ਫ਼ਿਲਮਾਂ ਕਰਕੇ ਕਿਹਾ ਜਾਂਦਾ ਸੀ 'ਭਾਰਤ ਕੁਮਾਰ'
24 ਜੁਲਾਈ, 1937 ਨੂੰ ਹਰਿਕ੍ਰਿਸ਼ਨ ਗਿਰੀ ਗੋਸਵਾਮੀ ਦੇ ਰੂਪ ਵਿੱਚ ਜਨਮੇ ਮਨੋਜ ਕੁਮਾਰ ਹਿੰਦੀ ਸਿਨੇਮਾ ਦੇ ਇੱਕ ਦਿੱਗਜ਼ ਅਦਾਕਾਰ ਸਨ। ਉਨ੍ਹਾਂ ਨੂੰ ਦੇਸ਼ਭਕਤੀ ਥੀਮ ਵਾਲੀਆਂ ਫ਼ਿਲਮਾਂ ਵਿੱਚ ਅਭਿਨੇ ਅਤੇ ਨਿਰਦੇਸ਼ਨ ਲਈ ਜਾਣਿਆ ਜਾਂਦਾ ਸੀ। ਇਨ੍ਹਾਂ ਵਿੱਚ "ਸ਼ਹੀਦ" (1965), "ਉਪਕਾਰ" (1967), "ਪੂਰਬ ਅਤੇ ਪੱਛਮ" (1970), ਅਤੇ "ਰੋਟੀ ਕਪੜਾ ਔਰ ਮਕਾਨ" (1974) ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਇਨ੍ਹਾਂ ਫ਼ਿਲਮਾਂ ਦੀ ਬਦੌਲਤ ਹੀ ਉਨ੍ਹਾਂ ਨੂੰ 'ਭਾਰਤ ਕੁਮਾਰ' ਦੇ ਨਾਮ ਨਾਲ ਜਾਣਿਆ ਜਾਣ ਲੱਗਾ।
ਆਪਣੀਆਂ ਦੇਸ਼ਭਕਤੀ ਫ਼ਿਲਮਾਂ ਦੇ ਇਲਾਵਾ, ਮਨੋਜ ਕੁਮਾਰ ਨੇ "ਹਰਿਆਲੀ ਔਰ ਰਾਸਤਾ", "ਵੋ ਕੌਨ ਥੀ", "ਹਿਮਾਲਿਆ ਕੀ ਗੋਦ ਮੇਂ", "ਦੋ ਬਦਨ", "ਪੱਥਰ ਕੇ ਸਨਮ", "ਨੀਲ ਕਮਲ" ਅਤੇ "ਕ੍ਰਾਂਤੀ" ਵਰਗੀਆਂ ਹੋਰ ਉਲੇਖਣੀਯ ਫ਼ਿਲਮਾਂ ਵਿੱਚ ਵੀ ਅਭਿਨੇ ਅਤੇ ਨਿਰਦੇਸ਼ਨ ਕੀਤਾ। ਉਹ ਆਖ਼ਰੀ ਵਾਰੀ ਵੱਡੇ ਪਰਦੇ ’ਤੇ 1995 ਵਿੱਚ ਆਈ ਫ਼ਿਲਮ ‘ਮੈਦਾਨ-ਏ-ਜੰਗ’ ਵਿੱਚ ਨਜ਼ਰ ਆਏ ਸਨ।
ਇਨਾਮ ਅਤੇ ਸਨਮਾਨ
ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਮਨੋਜ ਕੁਮਾਰ ਨੂੰ 1992 ਵਿੱਚ ਪਦਮ ਸ਼੍ਰੀ ਅਤੇ 2015 ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।