ਮਸ਼ਹੂਰ ਕਾਮੀਡੀਅਨ ਕਪਿਲ ਸ਼ਰਮਾ ਨਾਲ ਜੁੜੇ ਫਾਇਰਿੰਗ ਮਾਮਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਕੈਨੇਡਾ ਬੇਸਡ ਉਨ੍ਹਾਂ ਦੇ ਰੈਸਟੋਰੈਂਟ ‘ਕੈਪਸ ਕੈਫੇ’ ‘ਚ ਹੋਈ ਫਾਇਰਿੰਗ ਦੀ ਸਾਜ਼ਿਸ਼ ਵਿੱਚ ਸ਼ਾਮਲ ਮੁੱਖ ਹੈਂਡਲਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਗੈਂਗਸਟਰ ਦੀ ਪਛਾਣ ਬੰਧੂ ਮਾਨ ਸਿੰਘ ਸ਼ੇਖੋਂ ਵਜੋਂ ਹੋਈ ਹੈ, ਜੋ ਕੈਨੇਡਾ–ਇੰਡੀਆ ਬੇਸਡ ਗੋਲਡੀ ਢਿੱਲੋਂ ਗੈਂਗ ਦਾ ਹੈਂਡਲਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸ਼ੇਖੋਂ ਨੂੰ 25 ਨਵੰਬਰ ਨੂੰ ਲੁਧਿਆਣਾ ਤੋਂ ਕਾਬੂ ਕੀਤਾ ਸੀ।
ਦਿੱਲੀ ਪੁਲਿਸ ਕਰਾਈਮ ਬ੍ਰਾਂਚ ਦੇ ਜੋਇੰਟ ਕਮਿਸ਼ਨਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ੇਖੋਂ ਨੇ ਕੈਪਸ ਕੈਫੇ ਫਾਇਰਿੰਗ ਲਈ ਲੋਜਿਸਟਿਕ ਸਹਾਇਤਾ ਅਤੇ ਗੱਡੀਆਂ ਮੁਹੱਈਆ ਕਰਵਾਈਆਂ ਸਨ। ਪੁਲਿਸ ਦੇ ਅਨੁਸਾਰ, ਕੈਫੇ ‘ਤੇ ਹਮਲਾ ਕਰਨ ਵਾਲੇ ਸ਼ੂਟਰਾਂ ਵੱਲੋਂ ਜਿਸ ਗੱਡੀ ਦੀ ਵਰਤੋਂ ਕੀਤੀ ਗਈ, ਉਹ ਵੀ ਕਥਿਤ ਤੌਰ ‘ਤੇ ਸ਼ੇਖੋਂ ਦੀ ਹੀ ਸੀ। ਸ਼ੇਖੋਂ ਨੇ ਕਬੂਲਿਆ ਹੈ ਕਿ ਉਹ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਸੀ ਅਤੇ ਉਸਨੇ ਸਾਰੇ ਬੰਦੋਬਸਤ ਦੀ ਸਹਾਇਤਾ ਮੁਹੱਈਆ ਕਰਵਾਈ ਸੀ।
ਇੰਝ ਕੈਨੇਡਾ ਪੁਲਿਸ ਤੋਂ ਬਚ ਕੇ ਆਇਆ ਭਾਰਤ
DCP ਕਰਾਈਮ ਬ੍ਰਾਂਚ ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਅਸੀਂ ਬੰਧੂ ਮਾਨ ਸਿੰਘ ਸ਼ੇਖੋਂ ਨੂੰ 25 ਤਾਰੀਖ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸਦਾ ਨਾਮ ਹਥਿਆਰ ਸਪਲਾਈ ਦੇ ਇੱਕ ਪੁਰਾਣੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਪਤਾ ਲੱਗਾ ਕਿ ਉਹ ਕੈਨੇਡਾ ਦਾ ਗੈਂਗਸਟਰ ਹੈ, ਜੋ ਹਾਲ ਹੀ ਵਿੱਚ ਅਗਸਤ ਮਹੀਨੇ ਵਿੱਚ ਕੈਨੇਡਾ ਤੋਂ ਭਾਰਤ ਵਾਪਸ ਆਇਆ ਸੀ ਅਤੇ ਉੱਥੇ ਕਈ ਫਾਇਰਿੰਗ ਅਤੇ ਜਬਰਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਸ਼ੇਖੋਂ ਨੂੰ ਕੈਨੇਡਾ ਪੁਲਿਸ ਵੀ ਲੱਭ ਰਹੀ ਸੀ ਤੇ ਉੱਥੋਂ ਬਚਣ ਲਈ ਉਹ ਭਾਰਤ ਆ ਗਿਆ ਸੀ।
ਪੁਲਿਸ ਦੇ ਮੁਤਾਬਕ, ਸ਼ੇਖੋਂ ਪਹਿਲੀ ਵਾਰ 2019 ਵਿੱਚ ਰੋਜ਼ਗਾਰ ਵੀਜ਼ਾ ‘ਤੇ ਕੈਨੇਡਾ ਗਿਆ ਸੀ ਅਤੇ ਉੱਥੇ ਕਈ ਥਾਵਾਂ ‘ਤੇ ਕੰਮ ਕੀਤਾ। ਬਾਅਦ ਵਿੱਚ ਉਹ ਕਿਸੇ ਹੋਰ ਕ੍ਰਾਈਮ ਦੇ ਮਾਮਲੇ ‘ਚ ਜੇਲ੍ਹ ਗਿਆ, ਜਿੱਥੇ ਉਸਦਾ ਸੰਪਰਕ ਕੱਟੜਪੰਥੀ ਨਾਲ ਹੋ ਗਿਆ ਅਤੇ ਫਿਰ ਉਹ ਉਨ੍ਹਾਂ ਦੇ ਨਾਲ ਕੰਮ ਕਰਨ ਲੱਗ ਪਿਆ। ਦਿੱਲੀ ਪੁਲਿਸ ਦੇ ਅਨੁਸਾਰ, ਸ਼ੇਖੋਂ ਕਈ ਫਾਇਰਿੰਗ ਦੀਆਂ ਘਟਨਾਵਾਂ ਅਤੇ ਜਬਰਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਰਹਿ ਚੁੱਕਾ ਹੈ।
ਸ਼ੇਖੋਂ ਦੀ ਗ੍ਰਿਫ਼ਤਾਰੀ ਦੌਰਾਨ ਦਿੱਲੀ ਪੁਲਿਸ ਨੇ ਉਸਦੇ ਕੋਲੋਂ ਇੱਕ ਚੀਨੀ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਦਾ ਦੋਸ਼ ਹੈ ਕਿ ਇਹ ਮੁਲਜ਼ਮ ਉਹਨਾਂ ਹਥਿਆਰਾਂ ਅਤੇ ਗੱਡੀਆਂ ਦਾ ਮੁੱਖ ਸਪਲਾਇਰ ਹੈ, ਜਿਨ੍ਹਾਂ ਦਾ ਇਸਤੇਮਾਲ ਕਪਿਲ ਸ਼ਰਮਾ ਦੇ ਕੈਫੇ ‘ਤੇ ਹੋਏ ਹਮਲਿਆਂ ਵਿੱਚ ਕੀਤਾ ਗਿਆ ਸੀ। ਭਾਰਤ ਵਾਪਸੀ ਤੋਂ ਬਾਅਦ ਉਹ ਕਥਿਤ ਤੌਰ ‘ਤੇ ਗੋਲਡੀ ਢਿੱਲੋਂ ਗੈਂਗ ਦਾ ਨੈੱਟਵਰਕ ਮੁੜ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਫਾਇਰਿੰਗ ਦੀਆਂ ਘਟਨਾਵਾਂ ਲਈ ਤਕਨੀਕੀ ਹਥਿਆਰ ਇਕੱਠੇ ਕਰਨ ਦੀ ਯੋਜਨਾ ਬਣਾ ਰਿਹਾ ਸੀ।
ਪੁਲਿਸ ਨੇ ਅੰਤਰਰਾਸ਼ਟਰੀ ਗੈਂਗ ਲਿੰਕ, ਹਥਿਆਰਾਂ ਦੀ ਸਪਲਾਈ, ਫੰਡਿੰਗ ਅਤੇ ਸ਼ੱਕੀ ਟਾਰਗੇਟ ਲਿਸਟ ਦੀ ਜਾਂਚ ਨੂੰ ਤੇਜ਼ ਕਰ ਦਿੱਤਾ ਹੈ। ਗੌਰ ਕਰਨਯੋਗ ਹੈ ਕਿ ਅਕਤੂਬਰ ਵਿੱਚ ਵੀ ਕੈਨੇਡਾ ਦੇ ਸ਼ਹਿਰ ਸਰੇ ਵਿੱਚ 85 ਐਵੇਨਿਊ ਅਤੇ 120 ਸਟਰੀਟ ‘ਤੇ ਸਥਿਤ ‘ਕੈਪਸ ਕੈਫੇ’ ‘ਚ ਫਾਇਰਿੰਗ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜੋ ਇਸ ਕੈਫੇ ‘ਚ ਫਾਇਰਿੰਗ ਦੀ ਤੀਜੀ ਘਟਨਾ ਸੀ।