ਚੰਡੀਗੜ੍ਹ: ਪਰਮੀਸ਼ ਵਰਮਾ ਅੱਜ ਦੇ ਨੌਜਵਾਨਾਂ ਦੀ ਖਾਸ ਪਸੰਦ ਬਣ ਗਏ ਹਨ। ਆਪਣੇ ਸਟਾਈਲ ਤੋਂ ਲੈ ਕੇ ਆਪਣੇ ਮਿਊਜ਼ਿਕ ਤੇ ਵੀਡੀਓ ਬਣਾਉਣ 'ਚ ਪਰਮੀਸ਼ ਨੇ ਕਾਫੀ ਮਿਹਨਤ ਕੀਤੀ ਹੈ। ਹੁਣ ਪਰਮੀਸ਼ ਵਰਮਾ ਦੇ ਫੈਨਸ ਲਈ ਖੁਸ਼ੀ ਦੀ ਗੱਲ ਹੈ ਕਿ ਜਲਦੀ ਹੀ ਪਰਮੀਸ਼ ਬਾਲੀਵੁੱਡ ਤੇ ਸਾਊਥ ਦੀ ਬਲੌਕਬਸਟਰ ਫ਼ਿਲਮ ‘ਸਿੰਘਮ’ ਦੇ ਪੰਜਾਬੀ ਰੀਮੇਕ ‘ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ਹਿੰਦੀ ‘ਚ ਬਣੀ ‘ਸਿੰਘਮ’ ਫ਼ਿਲਮ ‘ਚ ਮੁੱਖ ਰੋਲ ਅਜੇ ਦੇਵਗਨ ਨੇ ਨਿਭਾਇਆ ਸੀ ਤੇ ਲੋਕਾਂ ਦੇ ਦਿਲਾਂ ‘ਚ ਬਾਜੀਰਾਓ ਸਿੰਘਮ ਨੇ ਆਪਣੀ ਖਾਸ ਛਾਪ ਛੱਡੀ ਸੀ।

ਤਮਿਲ, ਤੇਲਗੂ ਤੋਂ ਬਾਅਦ ਹਿੰਦੀ ਤੇ ਹੁਣ ਪੰਜਾਬੀ 'ਚ ਬਣਨ ਜਾ ਰਹੀ ਇਹ ਫ਼ਿਲਮ ਕਿੰਨਾ ਧਮਾਲ ਕਰੇਗੀ, ਇਹ ਤਾ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਹਾਲ ਹੀ ‘ਚ ਖੁਦ ਅਜੇ ਦੇਵਗਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫਿਲਮ ‘ਸਿੰਘਮ’ ਪੰਜਾਬੀ ‘ਚ ਬਣਨ ਜਾ ਰਹੀ ਹੈ। ਅਜੇ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਸ਼ੇਅਰ ਕੀਤਾ ਤੇ ਦੱਸਿਆ ਕਿ ਪੰਜਾਬੀ ਵਰਜ਼ਨ ‘ਚ ਪਰਮਿਸ਼ ਵਰਮਾ ਮੁੱਖ ਭੂਮਿਕਾ ਨਿਭਾਓਣਗੇ।

ਫ਼ਿਲਮ ਦਾ ਪ੍ਰੋਡਕਸ਼ਨ ਕੁਮਾਰ ਮੰਗਤ ਪਾਠਕ ਤੇ ਅਭਿਸ਼ੇਕ ਪਾਠਕ ਕਰ ਰਹੇ ਹਨ। ਹਾਲਾਂਕਿ ਇਸ ‘ਚ ਅਦਾਕਾਰਾ ਕੌਣ ਹੋਵੇਗੀ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ। ਪਰਮੀਸ਼ ਵਰਮਾ ਦੀ ਇਹ ਅਪਕਮਿੰਗ ਫ਼ਿਲਮ 2019 'ਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਵੀ ਪਰਮੀਸ਼ ਪੰਜਾਬੀ ਮੂਵੀ 'ਰੋਕੀ ਮੈਂਟਲ' ਕਰ ਚੁੱਕੇ ਹਨ, ਪਰ ਉਨ੍ਹਾਂ ਦੇ ਹਾਲ ਹੀ 'ਚ ਰਿਲੀਜ਼ ਹੋਏ ਗਾਣੇ 'ਗਾਲ੍ਹ ਨੀ ਕੱਢਣੀ' ਤੇ 'ਟੋਹਰ ਨਾਲ ਛੜ੍ਹਾ' ਲੋਕਾਂ ਦੀ ਪਸੰਦ ਬਣੇ ਹੋਏ ਹਨ।