ਨਵੀਂ ਦਿੱਲੀ: ਵਿਰੋਧ ਪ੍ਰਦਰਸ਼ਨਾਂ ਦਰਮਿਆਨ 25 ਜਨਵਰੀ ਨੂੰ ਰਿਲੀਜ਼ ਹੋਈ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਲਗਾਤਾਰ ਕਮਾਈ ਕਰਦੀ ਜਾ ਰਹੀ ਹੈ। ਕਰਣੀ ਸੈਨਾ ਦੀਆਂ ਧਮਕੀਆਂ ਅਤੇ ਹੰਗਾਮੇ ਨੂੰ ਪਿੱਛੇ ਛੱਡਦੇ ਹੋਏ ਦਰਸ਼ਕਾਂ ਨੇ ਸੰਜੇ ਲੀਲਾ ਭੰਸਾਲੀ, ਦੀਪਿਕਾ ਅਤੇ ਰਣਵੀਰ ਦਾ ਸਾਥ ਦਿੱਤਾ ਹੈ। ਇਸ ਦੀ ਗਵਾਹ ਉਹ ਭੀੜ ਹੈ ਜਿਹੜੀ ਫ਼ਿਲਮ ਵੇਖਣ ਜਾ ਰਹੀ ਹੈ।
ਬਾਕਸ ਆਫ਼ਿਸ ਇੰਡੀਆ ਦੀ ਰਿਪੋਰਟ ਮੁਤਾਬਿਕ ਪਦਮਾਵਤ ਨੇ ਦੂਜੇ ਦਿਨ ਕਰੀਬ 32 ਕਰੋੜ ਰੁਪਏ ਦੀ ਕਮਾਈ ਕੀਤੀ। ਪਹਿਲੇ ਦਿਨ ਫ਼ਿਲਮ ਨੇ 19 ਕਰੋੜ ਰੁਪਏ ਕਮਾਏ ਸਨ ਜਦਕਿ 24 ਜਨਵਰੀ ਨੂੰ ਫ਼ਿਲਮ ਕੁੱਝ ਸ਼ੋਅ ਵਿਖਾ ਕੇ ਹੀ 5 ਕਰੋੜ ਰੁਪਏ ਕਮਾ ਗਈ ਸੀ। ਇਸ ਤਰ੍ਹਾਂ ਫ਼ਿਲਮ ਹੁਣ ਤੱਕ 56 ਕਰੋੜ ਰੁਪਏ ਕਮਾ ਚੁੱਕੀ ਹੈ।
ਕਰੀਬ 200 ਕਰੋੜ ਰੁਪਏ ਵਿੱਚ ਬਣੀ ਪਦਮਾਵਤ ਦੇ ਡਿਜੀਟਲ ਅਧਿਕਾਰ ਪਹਿਲਾਂ ਹੀ 25 ਕਰੋੜ ਰੁਪਏ ਵਿੱਚ ਵੇਚੇ ਜਾ ਚੁੱਕੇ ਹਨ ਅਤੇ ਸੈਟੇਲਾਇਟਸ ਰਾਈਟਸ 75 ਕਰੋੜ ਰੁਪਏ ਵਿੱਚ ਵਿਕ ਚੁੱਕੇ ਹਨ। ਵਿਦੇਸ਼ਾਂ ਵਿੱਚ ਰਿਲੀਜ਼ ਲਈ 50 ਕਰੋੜ ਦਾ ਸੌਦਾ ਕੀਤਾ ਗਿਆ ਹੈ। ਫ਼ਿਲਮ ਹੁਣ ਤੱਕ ਕੁੱਲ 206 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਪਦਮਾਵਤ ਵਿੱਚ ਦੀਪਿਕਾ ਪਾਦੁਕੋਣ ਨੇ ਰਾਣੀ ਪਦਮਾਵਤੀ ਦਾ ਕਿਰਦਾਰ ਅਦਾ ਕੀਤਾ ਹੈ। ਸ਼ਾਹਿਦ ਕਪੂਰ ਇਸ ਵਿੱਚ ਰਾਜਾ ਰਤਨ ਸਿੰਘ ਅਤੇ ਰਣਵੀਰ ਅਲਾਉਦੀਨ ਖਿਲਜੀ ਬਣੇ ਹਨ। ਕਰਣੀ ਸੈਨਾ ਦੇ ਵਿਰੋਧ ਕਾਰਨ ਫ਼ਿਲਮ ਕਾਫ਼ੀ ਦੇਰੀ ਨਾਲ ਰਿਲੀਜ਼ ਕੀਤੀ ਗਈ।