ਇਸਲਾਮਾਬਾਦ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਕਾਲਾ ਹਿਰਣ ਸ਼ਿਕਾਰ ਮਾਮਲੇ ਵਿੱਚ ਸਜ਼ਾ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਨੇ ਅਜੀਬੋ ਗਰੀਬ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜ਼ਾ ਆਸਿਫ਼ ਨੇ ਕਿਹਾ ਕਿ ਸਲਮਾਨ ਖ਼ਾਨ ਨੂੰ ਮੁਸਲਮਾਨ ਹੋਣ ਦੀ ਸਜ਼ਾ ਮਿਲੀ ਹੈ। ਖ਼ਵਾਜ਼ਾ ਆਸਿਫ਼ ਨੇ ਸਲਮਾਨ ਬਾਰੇ ਇਹ ਬਿਆਨ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਦਿੱਤਾ ਹੈ।
ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਮੁਸਲਮਾਨ-ਦਲਿਤਾਂ ਦਾ ਕੋਈ ਮੇਲ ਨਹੀਂ ਹੈ। ਖ਼ਵਾਜ਼ਾ ਨੇ ਕਿਹਾ ਕਿ ਜੇਕਰ ਜਾਨਵਰਾਂ ਦਾ ਕੋਈ ਧਰਮ ਹੁੰਦਾ ਤੇ ਸਲਮਾਨ ਨੇ ਜਿਸ ਕਾਲੇ ਹਿਰਣ ਨੂੰ ਮਾਰਿਆ ਉਹ ਮੁਸਲਮਾਨ ਹੁੰਦਾ ਤਾਂ ਉਸ ਨੂੰ ਇਨਸਾਫ਼ ਨਹੀਂ ਸੀ ਮਿਲਣਾ।
ਉਨ੍ਹਾਂ ਅੱਗੇ ਕਿਹਾ ਕਿ ਸਲਮਾਨ ਇੱਕ ਹਰਮਪਿਆਰੇ ਵਿਅਕਤੀ ਹਨ, ਪਰ ਉਨ੍ਹਾਂ ਦੀ ਇਹੋ ਹਾਰ ਹੈ ਕਿ ਉਨ੍ਹਾਂ ਇੱਕ ਹਿਰਣ ਨੂੰ ਮਾਰਿਆ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਵਿੱਚ ਮੁਸਲਮਾਨਾਂ, ਦਲਿਤਾਂ ਤੇ ਘੱਟਗਿਣਤੀਆਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ।
ਕੀ ਹੈ ਪੂਰਾ ਮਾਮਲਾ:
ਸਲਮਾਨ ਖ਼ਾਨ ਨੂੰ 1998 ਵਿੱਚ ਜੋਧਪੁਰ ਦੇ ਕਾਂਕੋਣੀ ਪਿੰਡ ਵਿੱਚ ਦੋ ਕਾਲ਼ੇ ਹਿਰਣਾਂ ਦੇ ਸ਼ਿਕਾਰ ਵਿੱਚ ਦੋਸ਼ੀ ਪਾਉਂਦਿਆਂ ਬੀਤੇ ਕੱਲ੍ਹ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਪੰਜ ਸਾਲ ਦੀ ਕੈਦ ਤੇ 10,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਸਲਮਾਨ ਨੂੰ ਅਦਾਲਤ ਵਿੱਚੋਂ ਹੀ ਜੇਲ੍ਹ ਲਿਜਾਇਆ ਗਿਆ ਤੇ ਉਹ ਹੁਣ ਕੇਂਦਰੀ ਜੇਲ੍ਹ ਜੋਧਪੁਰ ਵਿੱਚ ਬਤੌਰ ਕੈਦੀ ਨੰਬਰ 106, ਬੈਰਕ ਨੰਬਰ ਦੋ ਵਿੱਚ ਬਲਾਤਕਾਰੀ ਬਾਪੂ ਆਸਾਰਾਮ ਨਾਲ ਕੈਦ ਹਨ।