ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਦੀ ਮਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ, ਜਿਸ ਕਾਰਨ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਸ਼ੂਟਿੰਗ ਵਿਚਕਾਰ ਹੀ ਰੋਕਣੀ ਪਈ। ਇਹ ਘਟਨਾ ਉਸ ਵੇਲੇ ਹੋਈ ਜਦੋਂ ਰਾਘਵ ਅਤੇ ਪਰਿਣੀਤੀ ਇਸ ਸ਼ੋਅ ਦੇ ਇੱਕ ਆਉਣ ਵਾਲੇ ਐਪੀਸੋਡ ਦੀ ਸ਼ੂਟਿੰਗ ਕਰ ਰਹੇ ਸਨ।

ਇਹ ਘਟਨਾ 18 ਜੁਲਾਈ ਦੀ ਹੈ, ਜਦੋਂ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ ਰਾਘਵ ਚੱਢਾ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਸ਼ੂਟਿੰਗ ਲਈ ਸੈੱਟ 'ਤੇ ਪਹੁੰਚੇ ਸਨ। ਉਸ ਸਮੇਂ ਉਥੇ ਰਾਘਵ ਦੀ ਮਾਂ ਵੀ ਮੌਜੂਦ ਸਨ। ਸ਼ੂਟ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ, ਜਿਸ ਕਰਕੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਹਾਲਾਂਕਿ, ਰਾਘਵ ਦੀ ਮਾਂ ਦੀ ਸਿਹਤ ਜਾਂ ਸ਼ੂਟਿੰਗ ਸ਼ੈਡਿਊਲ ਬਾਰੇ ਹਾਲੇ ਤੱਕ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ। ਪ੍ਰੋਡਕਸ਼ਨ ਟੀਮ ਪਰਿਣੀਤੀ-ਰਾਘਵ ਵਾਲੇ ਐਪੀਸੋਡ ਦੀ ਨਵੀਂ ਸ਼ੂਟਿੰਗ ਤਾਰੀਖ ਜਲਦੀ ਤੈਅ ਕਰੇਗੀ।

ਦੱਸਣਯੋਗ ਹੈ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਪ੍ਰਸਿੱਧ ਸ਼ੋਅ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਤੀਜੇ ਸੀਜ਼ਨ ਨਾਲ Netflix 'ਤੇ ਵਾਪਸ ਆ ਗਏ ਹਨ। ਇਸ ਸੀਜ਼ਨ ਦਾ ਪਹਿਲਾ ਐਪੀਸੋਡ 21 ਜੂਨ ਨੂੰ ਸਟ੍ਰੀਮ ਹੋਇਆ ਸੀ, ਜਿਸ ਵਿੱਚ ਬਾਲੀਵੁੱਡ ਸਟਾਰ ਸਲਮਾਨ ਖਾਨ ਮਹਿਮਾਨ ਵਜੋਂ ਨਜ਼ਰ ਆਏ ਸਨ। ਕਪਿਲ ਦਾ ਇਹ ਸ਼ੋਅ Netflix 'ਤੇ ਹਰ ਹਫ਼ਤੇ ਆਉਂਦਾ ਹੈ। ਤੀਜੇ ਸੀਜ਼ਨ ਵਿੱਚ ਹੁਣ ਤੱਕ ਕਈ ਵੱਡੇ ਨਾਮਾਂ ਵਾਲੇ ਸਿਤਾਰੇ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ।

ਜਾਣੋ ਕਦੋਂ ਹੋਇਆ ਸੀ ਅਦਾਕਾਰਾ ਪਰਿਣੀਤੀ ਅਤੇ ਨੇਤਾ ਰਾਘਵ ਦਾ ਵਿਆਹ

ਪਰਿਣੀਤੀ ਚੋਪੜਾ ਅਤੇ ਰਾਘਵ ਚੱਡਾ ਦਾ ਵਿਆਹ ਸਾਲ 2023 ਵਿੱਚ ਰਾਜਸਥਾਨ ਦੇ ਉਦੇਪੁਰ ਵਿੱਚ ਹੋਇਆ ਸੀ। ਇਹ ਇੱਕ ਸ਼ਾਨਦਾਰ ਅਤੇ ਰੌਣਕਾਂ ਭਰੀ ਡੈਸਟਿਨੇਸ਼ਨ ਵੇਡਿੰਗ ਸੀ, ਜਿਸ ਵਿੱਚ ਫਿਲਮ ਇੰਡਸਟਰੀ ਅਤੇ ਰਾਜਨੀਤੀ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਸੀ। ਇਸ ਵਿਵਾਹ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋਈਆਂ ਸਨ, ਜਿਹਨਾਂ ਨੇ ਦੁਨੀਆ ਭਰ ਵਿੱਚ ਪਰਿਣੀਤੀ ਅਤੇ ਰਾਘਵ ਦੇ ਫੈਨਸ ਨੂੰ ਖੁਸ਼ ਕਰ ਦਿੱਤਾ। ਦੱਸਣਯੋਗ ਹੈ ਕਿ ਪਰਿਣੀਤੀ, ਪ੍ਰਸਿੱਧ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਹੈ ਅਤੇ ਆਪਣੇ ਅਭਿਨੈ ਨਾਲ ਉਹ ਹਮੇਸ਼ਾ ਚਰਚਾ 'ਚ ਰਹੀ ਹੈ।