ਮੁੰਬਈ: ਬਾਲੀਵੁੱਡ ਦੀਆਂ 300 ਤੋਂ ਵੱਧ ਫ਼ਿਲਮਾਂ ਨੂੰ ਆਪਣੀ ਅਦਾਕਾਰੀ ਨਾਲ ਯਾਦਗਾਰੀ ਬਨਾਉਣ ਵਾਲੇ ਬਾਲੀਵੁੱਡ ਅਦਾਕਾਰ ਟੌਮ ਆਲਟਰ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਕਰੀਬ 2 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਆਲਟਰ ਦੇ ਅਕਾਲ ਚਲਾਣੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।




ਟੌਮ ਨੂੰ ਚਮੜੀ ਦਾ ਕੈਂਸਰ ਸੀ। ਮੁੰਬਈ ਦੇ ਸੈਫੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਟੌਮ ਬਾਰੇ ਬਹੁੱਤ ਘਟ ਲੋਕ ਹੀ ਜਾਣਦੇ ਹੋਣਗੇ ਕਿ ਉਹ ਸਪੋਰਟਸ ਐਡੀਟਰ ਵੀ ਸਨ। ਫ਼ਿਲਮਾਂ 'ਚ ਉਨ੍ਹਾਂ ਦੀ ਜ਼ਿੰਦਗੀ ਬਾਰੇ ਪੜ੍ਹੋ ਕੁਝ ਖ਼ਾਸ ਗੱਲਾਂ।

ਫ਼ਿਲਮ ਚਰਸ ਦੇ ਨਾਲ ਟੌਮ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੀ ਪਹਿਲੀ ਹੀ ਫ਼ਿਲਮ 'ਚ ਇਨ੍ਹਾਂ ਧਰਮਿੰਦਰ ਨਾਲ ਕੰਮ ਕੀਤਾ।

ਫ਼ਿਲਮ ਸ਼ਤਰੰਜ ਕੇ ਖਿਲਾੜੀ, ਆਸ਼ਿਕੀ, ਕ੍ਰਾਂਤੀ ਅਤੇ ਪਰਿੰਦਾ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ 'ਚ ਨਾ ਸਿਰਫ਼ ਟੌਮ ਦੇ ਕੰਮ ਦੀ ਸ਼ਲਾਘਾ ਹੋਈ ਬਲਕਿ ਅੱਜ ਵੀ ਉਨ੍ਹਾਂ ਦੇ ਨਿਭਾਏ ਇਹ ਕਿਰਦਾਰ ਲੋਕਾਂ ਨੂੰ ਯਾਦ ਹਨ।

ਟੌਮ ਨੇ 1974 'ਚ ਫ਼ਿਲਮ ਐਂਡ ਟੈਲੀਵੀਜ਼ਨ ਇੰਸਟੀਟਿਊਟ ਆਫ਼ ਪੁਣੇ ਤੋਂ ਅਦਾਕਾਰੀ 'ਚ ਗ੍ਰੈਜੂਏਸ਼ਨ ਕੀਤੀ। ਮਸ਼ਹੂਰ ਟੀ.ਵੀ. ਸ਼ੋਅ ਜੁਨੂੰਨ 'ਚ ਇਨ੍ਹਾਂ ਦਾ ਕੇਸ਼ਵ ਕਾਲਸੀ ਦਾ ਕਿਰਦਾਰ ਅੱਜ ਵੀ ਲੋਕਾਂ ਦੇ ਮਨਾਂ ਵਿਚ ਹੈ। ਇਸ ਤੋਂ ਇਲਾਵਾ ਭਾਰਤ ਇਕ ਖੋਜ ਅਤੇ ਕੈਪਟਨ ਵਿਓਮ 'ਚ ਵੀ ਟੌਮ ਨੇ ਖਾਸ ਭੂਮਿਕਾ ਨਿਭਾਈ। ਆਲਟਰ ਨੇ ਮਸ਼ਹੂਰ ਟੈਲੀਵਿਜ਼ਨ ਲੜੀਵਾਰ ਸ਼ਕਤੀਮਾਨ ਵਿੱਚ ਵੀ ਅਦਾਕਾਰੀ ਕੀਤੀ ਸੀ।

ਭਾਰਤੀ-ਅਮਰੀਕੀ ਕਲਾਕਾਰ ਟੌਮ ਮਸੂਰੀ 'ਚ ਪੈਦਾ ਹੋਏ ਸਨ। ਉਨ੍ਹਾਂ ਤਿੰਨ ਕਿਤਾਬਾਂ ਵੀ ਲਿਖੀਆਂ।

ਇਸੇ ਸਾਲ ਰਿਲੀਜ਼ ਹੋਈ ਫ਼ਿਲਮ ਸਰਗੋਸ਼ੀਆਂ 'ਚ ਵੀ ਟੌਮ ਨੇ ਅਦਾਕਾਰੀ ਕੀਤੀ। ਟੌਮ ਨੇ ਨਸੂਰੁਦੀਨ ਸ਼ਾਹ ਦੇ ਨਾਲ 'ਮੋਲਟੇ ਪ੍ਰੋਡਕਸ਼ਨ' ਨਾਂ ਤੋਂ ਥਿਏਟਰ ਗਰੁੱਪ ਵੀ ਸ਼ੁਰੂ ਕੀਤਾ ਸੀ। ਜ਼ਿੰਦਗੀ ਭਰ ਉਹ ਫ਼ਿਲਮਾਂ ਦੇ ਨਾਲ ਥਿਏਟਰ ਵੀ ਕਰਦੇ ਰਹੇ।