ਦਰਸ਼ਕਾਂ ਨੂੰ ਕਦੇ ਨਹੀਂ ਭੁੱਲ਼ਣਗੀਆਂ ਸ਼੍ਰੀਦੇਵੀ ਦੀਆਂ ਇਹ ਫ਼ਿਲਮਾਂ
ਏਬੀਪੀ ਸਾਂਝਾ | 25 Feb 2018 06:50 PM (IST)
ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼੍ਰੀਦੇਵੀ ਸ਼ਨੀਵਾਰ ਦੇਰ ਰਾਤ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਕੇ ਤੁਰ ਗਈ ਹੈ। 54 ਸਾਲਾ ਅਦਾਕਾਰਾ ਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਹਿੰਦੀ ਸਿਨੇਮਾ ਲੇਖੇ ਲਾਇਆ ਤੇ ਉਸ ਵਿੱਚ ਨਵੀਂ ਰੂਹ ਫੂਕੀ। ਸ਼੍ਰੀਦੇਵੀ ਨੇ ਕਈ ਫ਼ਿਲਮਾਂ ਕੀਤੀਆਂ, ਪਰ ਕੁਝ ਯਾਦਗਾਰ ਫ਼ਿਲਮਾਂ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ- ਸਦਮਾ (1983)- ਸ਼੍ਰੀਦੇਵੀ ਦੀਆਂ ਬਿਹਤਰੀਨ ਫ਼ਿਲਮਾਂ ਦਾ ਜਦੋਂ ਵੀ ਜ਼ਿਕਰ ਹੋਵੇਗਾ ਤਾਂ 'ਸਦਮਾ' ਦਾ ਨੰਬਰ ਸਭ ਤੋਂ ਪਹਿਲਾਂ ਆਵੇਗਾ। ਤਮਿਲ ਫ਼ਿਲਮ ਮੂੰਦਰਮ ਪਿਰਾਈ ਦਾ ਹਿੰਦੀ ਰੂਪਾਂਤਰ ਹੈ। ਕਮਲ ਹਾਸਨ ਨਾਲ ਬਤੌਰ ਹੀਰੋਇਨ ਇਸ ਫ਼ਿਲਮ ਵਿੱਚ ਸ਼੍ਰੀਦੇਵੀ ਨੇ ਇੱਕ ਅਜਿਹੀ ਕੁੜੀ ਯਾਨੀ ਨੇਹਲਤਾ ਦਾ ਕਿਰਦਾਰ ਨਿਭਾਇਆ ਜਿਸ ਨੂੰ ਕਾਰ ਦੁਰਘਟਨਾ ਵਿੱਚ ਡੂੰਘੀ ਸੱਟ ਵੱਜ ਜਾਂਦੀ ਹੈ ਤੇ ਉਸ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਉਹ ਦੇਹਵਪਾਰ ਦੀ ਦਲਦਲ ਵਿੱਚ ਫਸ ਜਾਂਦੀ ਹੈ ਤੇ ਉਸ ਨੂੰ ਸੋਮੂ (ਕਮਲ ਹਾਸਲ) ਉੱਥੋਂ ਕੱਢ ਕੇ ਲਿਆਉਂਦਾ ਹੈ ਤੇ ਉਸ ਨਾਲ ਪ੍ਰੇਮ ਕਰ ਬੈਠਦਾ ਹੈ। ਹਾਲਾਂਕਿ, ਇਹ ਫ਼ਿਲਮ ਫਲਾਪ ਰਹੀ ਪਰ ਇਸ ਨੂੰ ਕਲਾਸਿਕ ਬਾਲੀਵੁੱਡ ਦਾ ਦਰਜਾ ਮਿਲਿਆ ਹੈ। ਮਿਸਟਰ ਇੰਡੀਆ (1987)- ਆਪਣੇ ਸਮੇਂ ਦੀ ਸੁਪਰ ਹਿੱਟ ਤੇ ਤਕਨੀਕੀ ਤੌਰ 'ਤੇ ਵਿਕਸਤ ਫ਼ਿਲਮ ਮਿਸਟਰ ਇੰਡੀਆ ਬੱਚਿਆਂ 'ਤੇ ਆਧਾਰਤ ਸੀ ਪਰ ਇਸ ਨੂੰ ਵੱਡਿਆਂ ਨੇ ਵੀ ਓਨਾ ਹੀ ਪਿਆਰ ਦਿੱਤਾ। ਇਸ ਕਾਮੇਡੀ, ਡਰਾਮਾ ਵਿਸ਼ੇ ਦੀ ਫ਼ਿਲਮ ਵਿੱਚ ਸ਼੍ਰੀਦੇਵੀ ਸੀਮਾ ਨਾਂ ਦੀ ਪੱਤਰਕਾਰ ਦਾ ਕਿਰਦਾਰ ਨਿਭਾਉਂਦੀ ਹੈ। ਆਪਣੀ ਅਦਾਕਾਰੀ, ਰੋਮਾਂਸ ਤੇ ਰਹੱਸਮਈ ਸੁਆਦਾਂ ਨਾਲ ਭਰਪੂਰ ਇਸ ਫ਼ਿਲਮ ਨੂੰ ਲੋਕਾਂ ਨੇ ਦਿਲ ਖੋਲ੍ਹ ਕੇ ਪਿਆਰ ਦਿੱਤਾ। ਨਾਗੀਨਾ (1987)- ਬਾਲੀਵੁੱਡ ਵਿੱਚ ਇੱਛਾਧਾਰੀ ਨਾਗਿਨ ਇੱਕ ਹਿੱਟ ਟਾਪਿਕ ਰਿਹਾ ਹੈ ਤੇ ਸ਼੍ਰੀਦੇਵੀ ਨੇ ਆਪਣੇ ਨਾਗਿਨ ਡਾਂਸ ਵਾਲੇ ਗੀਤ ਨਾਲ ਇਸ ਫ਼ਿਲਮ ਨੂੰ ਘਰ-ਘਰ ਦੀ ਪਸੰਦ ਬਣਾ ਦਿੱਤਾ। ਲਮਹੇ (1991)- ਬਾਲੀਵੁੱਡ ਦੀ ਰੁਮਾਂਟਿਕ ਫ਼ਿਲਮਾਂ ਵਿੱਚ ਸ਼ੁਮਾਰ 'ਲਮਹੇ' ਨੂੰ ਯਸ਼ ਚੋਪੜਾ ਨੇ ਨਿਰਦੇਸ਼ਤ ਕੀਤਾ। 90 ਦੇ ਦਹਾਕੇ ਦੀ ਇਸ ਫ਼ਿਲਮ ਵਿੱਚ ਤਿਕੋਣਾ ਤੇ ਇੱਕ ਤਰਫਾ ਪਿਆਰ ਨੂੰ ਬੜੀ ਖ਼ੂਬਸੂਰਤੀ ਨਾਲ ਵਿਖਾਇਆ ਗਿਆ ਹੈ। ਇਸ ਫ਼ਿਲਮ ਵਿੱਚ ਸ਼੍ਰੀਦੇਵੀ ਦੇ ਅਸਲ ਜ਼ਿੰਦਗੀ ਵਿੱਚ ਦਿਓਰ ਅਨਿਲ ਕਪੂਰ ਮੁੱਖ ਭੂਮਿਕਾ ਵਿੱਚ ਸਨ। ਇੰਗਲਿਸ਼-ਵਿੰਗਲਿਸ਼ (2012)- ਕੁਝ ਫ਼ਿਲਮਾਂ ਫਲਾਪ ਰਹਿਣ ਤੇ ਬੋਨੀ ਕਪੂਰ ਨਾਲ ਵਿਆਹੇ ਜਾਣ ਤੋਂ ਬਾਅਦ ਸ਼੍ਰੀਦੇਵੀ ਨੇ ਫ਼ਿਲਮਾਂ ਤੋਂ ਮੂੰਹ ਘੁਮਾ ਲਿਆ ਸੀ। ਪਰ ਇੰਗਲਿਸ਼-ਵਿੰਗਲਿਸ਼ ਨਾਲ ਉਨ੍ਹਾਂ ਜ਼ਬਰਦਸਤ ਵਾਪਸੀ ਕੀਤੀ। ਫ਼ਿਲਮ ਇੰਗਲਿਸ਼ ਵਿੰਗਲਿਸ਼ ਵਿੱਚ ਜਿੱਥੇ ਵਿਦੇਸ਼ ਵਿੱਚ ਘਰੇਲੂ, ਘੱਟ ਪੜ੍ਹੀ ਤੇ ਅੰਗ੍ਰੇਜ਼ੀ ਵਿੱਚ ਅਸਹਿਜ ਔਰਤ ਦਰਪੇਸ਼ ਮੁਸ਼ਕਲਾਂ ਨੂੰ ਬਾਖ਼ੂਬੀ ਉਘਾੜਿਆ ਹੈ। ਆਪਣੀ ਅਦਾਕਾਰੀ ਨਾਲ ਸ਼੍ਰੀਦੇਵੀ ਨੇ ਇਸ ਫ਼ਿਲਮ ਨੂੰ ਖ਼ੂਬਸੂਰਤ ਬਣਾਇਆ। ਮੌਮ (2017)- ਇਹ ਫ਼ਿਲਮ ਸ਼੍ਰੀਦੇਵੀ ਦੀ ਜ਼ਿੰਦਗੀ ਦੀ ਆਖ਼ਰੀ ਫ਼ਿਲਮ ਹੈ, ਜਿਸ ਨੂੰ ਉਨ੍ਹਾਂ ਆਪਣੇ ਹੱਥੀਂ ਰਿਲੀਜ਼ ਕੀਤਾ। ਮੌਮ ਵਿੱਚ ਦੇਵਕੀ (ਸ਼੍ਰੀਦੇਵੀ) ਨੇ ਅਮੀਰਜ਼ਾਦੇ ਵਿਦਿਆਰਥੀਆਂ ਦੇ ਜਬਰ ਜਨਾਹ ਦਾ ਸ਼ਿਕਾਰ ਹੋਈ ਆਰੀਆ (ਫ਼ਿਲਮ ਵਿੱਚ ਸ਼੍ਰੀਦੇਵੀ ਦੀ ਮਤਰੇਈ ਧੀ) ਨੂੰ ਇਨਸਾਫ ਦਿਵਾਉਣ ਲਈ ਕਿਸੇ ਵੀ ਹੱਦ ਤਕ ਜਾਂਦੀ ਨੂੰ ਵਿਖਾਇਆ ਗਿਆ ਹੈ। ਦੋਵਾਂ ਫ਼ਿਲਮਾਂ ਨੂੰ ਆਲੋਚਕਾਂ ਨੇ ਸਲਾਹਿਆ ਤੇ ਦਰਸ਼ਕਾਂ ਨੇ ਵੀ ਪਿਆਰ ਦਿੱਤਾ ਸੀ। ਬੇਸ਼ੱਕ ਸ਼੍ਰੀਦੇਵੀ ਸਾਡੇ ਵਿਚਕਾਰ ਮੌਜੂਦ ਨਹੀਂ ਪਰ ਉਹ ਆਖ਼ਰੀ ਵਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜ਼ੀਰੋ' ਵਿੱਚ ਨਜ਼ਰ ਆਵੇਗੀ।