ਮੁੰਬਈ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਸਿੱਕਿਮ ਨੂੰ ਅੱਤਵਾਦ ਪ੍ਰਭਾਵਿਤ ਖੇਤਰ ਕਹਿਣਾ ਮਹਿੰਗਾ ਪੈ ਗਿਆ। ਆਪਣੇ ਇਸ ਕਥਨ 'ਤੇ ਅਦਾਕਾਰਾ ਨੂੰ ਲਿਖਤੀ ਮੁਆਫੀ ਵੀ ਮੰਗਣੀ ਪਈ ਹੈ। ਪ੍ਰਿਅੰਕਾ ਚੋਪੜਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਿਰੋਧ ਦਾ ਸਾਮ੍ਹਣਾ ਵੀ ਕਰਨਾ ਪਿਆ।


ਸਿੱਕਿਮ ਦੇ ਸੈਰ ਸਪਾਟਾ ਸਕੱਤਰ ਸੀ ਜਾਂਗਪੋ ਨੇ ਕਿਹਾ ਕਿ ਪ੍ਰਿਅੰਕਾ ਆਪਣੇ ਬਿਆਨ ਬਾਰੇ ਸੈਰ ਸਪਾਟਾ ਮੰਤਰੀ ਉਗੇਨ ਟੀ ਗਿਆਤਸੋ ਨੂੰ ਇੱਕ ਈ-ਮੇਲ ਵੀ ਲਿਖਿਆ ਹੈ। ਇਸ ਵਿੱਚ ਉਸ ਨੇ ਆਪਣੇ ਸ਼ਬਦਾਂ 'ਤੇ ਕਿਹਾ ਕਿ ਮੈਂ ਸਿੱਕਿਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ, ਪਰ ਉਸ ਦੇ ਸ਼ਬਦਾਂ ਦੇ ਗ਼ਲਤ ਅਰਥ ਕੱਢੇ ਗਏ।

ਪ੍ਰਿਅੰਕਾ ਨੇ ਲਿਖਿਆ ਕਿ ਉਹ ਜਾਣਦੀ ਹੈ ਕਿ ਸਿੱਕਿਮ ਬਹੁਤੇ ਸ਼ਰਨਾਰਥੀਆਂ ਲਈ ਸ਼ਰਨਗਾਹ ਹੈ ਅਤੇ ਉਨ੍ਹਾਂ ਦੀ ਫ਼ਿਲਮ ਇਸ ਨੂੰ ਬੱਚਿਆਂ ਦੇ ਨਜ਼ਰੀਏ ਤੋਂ ਵਿਖਾਉਂਦੀ ਹੈ। ਦੱਸਣਾ ਬਣਦਾ ਹੈ ਕਿ ਪ੍ਰਿਅੰਕਾ ਨੇ ਆਪਣੇ ਘਰੇਲੂ ਨਿਰਮਾਣ ਹੇਠ ਫ਼ਿਲਮ ਪਾਹੁਨਾ ਬਣਾਈ ਹੈ, ਜਿਸ ਨੂੰ ਟੋਰੰਟੋ ਦੇ ਕੌਮਾਂਤਰੀ ਫ਼ਿਲਮ ਉਤਸਵ ਵਿੱਚ ਵਿਖਾਇਆ ਗਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਇੱਕ ਇੰਟਰਵਿਊ ਵਿੱਚ ਇਹ ਕਹਿ ਦਿੱਤਾ ਸੀ ਕਿ ਸਿੱਕਿਮ ਇੱਕ ਅਸ਼ਾਂਤ ਖੇਤਰ ਹੈ ਤੇ ਇਸ ਸਮੱਸਿਆ 'ਤੇ ਉਨ੍ਹਾਂ ਦੀ ਫ਼ਿਲਮ ਪਹਿਲੀ ਹੈ। ਇਸ ਤੋਂ ਬਾਅਦ ਪ੍ਰਿਅੰਕਾ ਦਾ ਕਾਫੀ ਵਿਰੋਧ ਵੀ ਹੋਣ ਲੱਗਾ ਸੀ।