ਗਿੱਪੀ ਗਰੇਵਾਲ ਨਾਈਟ ਖਿਲਾਫ ਡਟੀ ਜਨਤਾ
ਏਬੀਪੀ ਸਾਂਝਾ | 13 Mar 2018 05:58 PM (IST)
ਬਰਨਾਲਾ: ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤ ਗਾਉਣ ਵਾਲਿਆਂ ਖਿਲਾਫ ਆਵਾਜ਼ ਬੁਲੰਦ ਹੋਣ ਲੱਗੀ ਹੈ। ਬਰਨਾਲਾ ਦੀਆਂ ਕੁਝ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਤੋਂ ਗਿੱਪੀ ਗਰੇਵਾਲ ਨਾਈਟ ਪ੍ਰੋਗਰਾਮ ਰੱਦ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀਆਂ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ16 ਮਾਰਚ ਨੂੰ ਬਾਬਾ ਕਾਲਾ ਮਾਹਿਰ ਸਟੇਡੀਅਮ ਬਰਨਾਲਾ ਵਿੱਚ ਗਿੱਪੀ ਗਰੇਵਾਲ ਨਾਈਟ ਕਰਵਾਈ ਜਾ ਰਹੀ ਹੈ। ਇਸ ਨਾਈਟ ਵਿੱਚ ਬੁਲਾਏ ਗਏ ਗਾਇਕ ਦਾ ਪਿਛੋਕੜ ਅਸ਼ਲੀਲਤਾ, ਔਰਤ ਵਿਰੋਧੀ, ਭੜਕਾਊ, ਹਥਿਆਰਾਂ ਤੇ ਨਸ਼ਿਆਂ ਦੀ ਨੁਮਾਇਸ਼ ਦਾ ਖੁੱਲ੍ਹੇਆਮ ਪ੍ਰਚਾਰ ਕਰਨ ਵਾਲਾ ਹੈ। ਉਨ੍ਹਾਂ ਕਿਹਾ ਹੈ ਕਿ ਅਜਿਹੇ ਕਲਾਕਰਾਂ ਦੀ ਬਦੌਲਤ ਅੱਜ ਪੰਜਾਬ ਦੀ ਜਵਾਨੀ ਪਹਿਲਾਂ ਹੀ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੀ ਹੈ। ਫੁਕਰਪੰਥੀ ਕਲਚਰ ਕਾਰਨ ਗੈਂਗਸਟਰਵਾਦ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੀ ਹੈ ਤੇ ਔਰਤਾਂ ਉੱਪਰ ਜਬਰ ਜੁਲਮ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹਾ ਪ੍ਰੋਗਰਾਮ ਕਰਾਉਣ ਨਾਲ ਸਮਾਜ ਖਾਸਕਰ ਨੌਜਵਾਨ ਵਰਗ ਅੰਦਰ ਗਲਤ ਸੁਨੇਹਾ ਜਾਵੇਗਾ। ਇਸ ਲਈ ਪਲਸ ਮੰਚ ਦੀ ਅਗਵਾਈ 'ਚ ਵੱਖ-ਵੱਖ ਜਨਤਕ ਜਮਹੂਰੀ ਸਮਾਜਿਕ ਜਥੇਬੰਦੀਆਂ ਮੰਗ ਕਰਦੀਆਂ ਹਨ ਕਿ ਰੈੱਡ ਕਰਾਸ ਲਈ ਫੰਡ ਇਕੱਠੇ ਕਰਨ ਦੇ ਨਾਂ ਹੇਠ ਲੋਕ ਵਿਰੋਧੀ ਸੱਭਿਆਚਾਰ ਖਾਸ ਕਰ ਔਰਤਾਂ ਦੀ ਨੁਮਾਇਸ਼ ਲਾਉਣ ਵਾਲੀ 16 ਮਾਰਚ ਨੂੰ ਹੋਣ ਜਾ ਰਹੀ ਗਿੱਪੀ ਗਰੇਵਾਲ ਨਾਈਟ ਦਾ ਸ਼ੋਅ ਤੁਰੰਤ ਰੱਦ ਕੀਤਾ ਜਾਵੇ। ਇਨ੍ਹਾਂ ਜਥੇਬੰਦੀਆਂ ਵਿੱਚ ਪਲਸ ਮੰਚ, ਬੀਕੇਯੂ ਏਕਤਾ ਡਕੌਂਦਾ, ਬੀਕੇਯੂ ਏਕਤਾ ਉਗਰਾਹਾਂ, ਇਨਕਲਾਬੀ ਕੇਂਦਰ, ਪੰਜਾਬ, ਟੈਕਨੀਕਲ ਸਰਵਸਿਜ ਯੂਨੀਅਨ (ਰਜਿ), ਟੈਕਨੀਕਲ ਮਕੈਨੀਕਲ ਇੰਪਲਾਈਜ਼ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਪੰਜਾਬ, ਨੌਜਵਾਨ ਭਾਰਤ ਸਭਾ, ਪੰਜਾਬ, ਡੈਮੋਕਰੈਟਿਕ ਟੀਚਰਜ਼ ਫਰੰਟ, ਮਨਿਸਟਰੀਅਲ ਸਟਾਫ ਯੂਨੀਅਨ, ਕੰਟਰੈਕਟ ਵਰਕਰਜ਼ ਯੂਨੀਅਨ, ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਸ਼ਾਮਲ ਹਨ।