ਚੰਡੀਗੜ੍ਹ: ਖੇਤੀ ਕਾਨੂੰਨ ਲਾਗੂ ਕਰਨ ਦੇ ਵਿਰੋਧ ’ਚ ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਸ਼ੁਰੂ ਕੀਤੇ ਗਏ ਮੋਰਚੇ ’ਚ ਪਹਿਲੀ ਵਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਉੱਤਰ ਆਏ ਹਨ। ਗਾਇਕਾਂ ਤੇ ਕਲਾਕਾਰਾਂ ਵੱਲੋਂ ਸਿਰਫ਼ ਜੋਸ਼ੀਲੇ ਗੀਤ ਗਾ ਕੇ ਹੀ ਨਹੀਂ, ਸਗੋਂ ਧਰਨਿਆਂ ’ਚ ਪੁੱਜ ਕੇ ਕਿਸਾਨਾਂ ਦੇ ਜੋਸ਼ ਨੂੰ ਹੋਰ ਭਖਾ ਦਿੱਤਾ ਗਿਆ ਹੈ। ਪੰਜਾਬੀ ਗਾਇਕਾਂ ਨੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਲਗਪਗ ਇੱਕ ਦਰਜਨ ਗੀਤ ਗਾਏ ਹਨ, ਜੋ ਅੱਜਕੱਲ੍ਹ ਕਿਸਾਨਾਂ ਦੇ ਧਰਨਿਆਂ ’ਚ ਚੱਲ ਰਹੇ ਹਨ।


ਗਾਇਕ ਕੰਵਰ ਗਰੇਵਾਲ ਨੇ ਖੇਤਰੀ ਸੰਘਰਸ਼ ਦੌਰਾਨ ਸ਼ੰਭੂ ਬੈਰੀਅਰ ਉੱਤੇ ਪੁੱਜ ਕੇ ਪੁਲਿਸ ਦੇ ਨਾਕੇ ਤੋੜ ਕੇ ਅੱਗੇ ਵਧ ਰਹੇ ਕਿਸਾਨਾਂ ਦੇ ਜੋਸ਼ ਨੂੰ ਵਧਾਇਆ ਤੇ ਫ਼ਿਲਮੀ ਕਲਾਕਾਰ ਦੀਪ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੇ ਹੱਕ ਵਿੱਚ ਸ਼ੰਭੂ ਮੋਰਚਾ ਚਲਾ ਰਹੇ ਹਨ। ਉਨ੍ਹਾਂ ਤੋਂ ਇਲਾਵਾ ਫ਼ਿਲਮੀ ਕਲਾਕਾਰ ਯੋਗਰਾਜ ਸਿੰਘ, ਗੱਗੂ ਗਿੱਲ ਤੇ ਪੰਜਾਬੀ ਗਾਇਕ ਹਰਭਜਨ ਮਾਨ ਵੀ ਕਿਸਾਨਾਂ ਦੇ ਧਰਨਿਆਂ ’ਚ ਪੁੱਜ ਕੇ ਉਨ੍ਹਾਂ ਦਾ ਹੌਸਲਾ ਵਧਾ ਚੁੱਕੇ ਹਨ।

ਉੱਧਰ, ਮਾਨਸਾ ਜ਼ਿਲ੍ਹੇ ਨਾਲ ਸਬੰਧਤ ਗਾਇਕ ਆਰਨੇਤ ਕਿਸਾਨਾਂ ਨਾਲ ਦਿੱਲੀ ਮੋਰਚੇ ’ਤੇ ਡਟੇ ਹੋਏ ਹਨ। ਪੰਜਾਬੀ ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਗਾਏ ਜੋਸ਼ੀਲੇ ਗੀਤਾਂ ਨੇ ਨੌਜਵਾਨ ਪੀੜ੍ਹੀ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਕਿ ਉਹ ਵੀ ਕਿਸਾਨਾਂ ਦੇ ਮੋਰਚਿਆਂ ਵਿੱਚ ਸ਼ਾਮਲ ਹੀ ਨਹੀਂ, ਸਗੋਂ ਹਰਿਆਣਾ ਪੁਲਿਸ ਵੱਲੋਂ ਲਾਏ ਨਾਕਿਆਂ ਨੂੰ ਵੀ ਕੁਝ ਹੀ ਸਮੇਂ ’ਚ ਤੋੜ ਕੇ ਅੱਗੇ ਵਧ ਗਏ।

ਗਾਇਕ ਬੱਬੂ ਮਾਨ ਨੇ ਵੀ ਦਿੱਲੀ ਮੋਰਚੇ ’ਚ ਪੁੱਜ ਕੇ ਕਿਸਾਨਾਂ ਨੂੰ ਸੰਬੋਧਨ ਕੀਤਾ ਹੈ। ਗਾਇਕ ਭਰਾਵਾਂ ਦੀਪਾ ਘੋਲੀਆ ਤੇ ਬੂਟਾ ਭਾਈਰੂਪਾ ਦੇ ਗੀਤ ਵੀ ਕਿਸਾਨਾਂ ’ਚ ਖ਼ੂਬ ਜੋਸ਼ ਭਰ ਰਹੇ ਹਨ। ਗਾਇਕਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਕਿਸਾਨਾਂ ਦੇ ਸੰਘਰਸ਼ ਵਿੱਚ ਅੱਗੇ ਆਏ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904