ਮੁੰਬਈ: ਮਸ਼ਹੂਰ ਰੈਪਰ ਰਫ਼ਤਾਰ ਕੋਰੋਨਾਵਾਇਰਸ ਮਹਾਮਾਰੀ ਦੀ ਲਪੇਟ ਵਿੱਚ ਆ ਗਿਆ ਹੈ। ਉਸ ਅੰਦਰ ਅਜੇ ਤੱਕ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀਂ ਆਏ। ਫਿਲਹਾਲ ਉਹ ਆਪਣੇ ਘਰ 'ਚ ਆਈਸੋਲੇਸ਼ਨ 'ਚ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ, ਰਫ਼ਤਾਰ ਨੇ ਕਿਹਾ, "ਕੁਝ ਤਕਨੀਕੀ ਗੜਬੜ ਜ਼ਰੂਰ ਹੋਈ ਹੋਵੇਗੀ, ਕਿਉਂਕਿ ਮੈਂ ਆਪਣੇ ਆਪ ਨੂੰ ਤੰਦਰੁਸਤ ਤੇ ਠੀਕ ਮਹਿਸੂਸ ਕਰ ਰਿਹਾ ਹਾਂ।"

ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਦੋਸਤੋ, ਮੈਂ ਤੁਹਾਡੇ ਨਾਲ ਇੱਕ ਖ਼ਬਰ ਸ਼ੇਅਰ ਕਰਨੀ ਚਾਹੁੰਦਾ ਸੀ। ਮੈਂ ਰੋਡੀਜ਼ 'ਤੇ ਜਾਣਾ ਸੀ। ਇਸ ਲਈ ਮੈਨੂੰ ਕੋਵਿਡ-19 ਟੈਸਟ ਕਰਵਾਉਣਾ ਪਿਆ। ਪਹਿਲੇ ਦੋ ਟੈਸਟਾਂ ਵਿੱਚ ਮੇਰੀ ਰਿਪੋਰਟ ਨੈਗੇਟਿਵ ਸੀ, ਪਰ ਅੱਜ ਨਤੀਜਾ ਪੌਜ਼ੇਟਿਵ ਆਇਆ। ਬੀਐਮਸੀ ਨੇ ਮੈਨੂੰ ਇਕੱਲੇ ਰਹਿਣ ਦੀ ਹਦਾਇਤ ਦਿੱਤੀ ਹੈ, ਇਸ ਲਈ ਮੈਂ ਆਪਣੇ ਆਪ ਨੂੰ ਘਰ ਵਿੱਚ ਆਈਸੋਲੇਟ ਕਰ ਲਿਆ ਹੈ।"


ਇਨ੍ਹਾਂ ਪ੍ਰਾਜੈਕਟਾਂ ਕਰਕੇ ਚਰਚਾ ਵਿਚ

ਰਫ਼ਤਾਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਐਮਟੀਵੀ ਦੇ ਰਿਐਲਿਟੀ ਸ਼ੋਅ 'ਰੋਡੀਜ਼' ਵਿਚ ਟੀਮ ਲੀਡਰ ਦੇ ਤੌਰ 'ਤੇ ਨਜ਼ਰ ਆਉਣਗੇ। ਇਸ ਵਿਚ ਉਨ੍ਹਾਂ ਨਾਲ ਨੇਹਾ ਧੂਪੀਆ, ਨਿਖਿਲ, ਪ੍ਰਿੰਸ ਨਰੂਲਾ ਅਤੇ ਰਣਵੀਜੈ ਵੀ ਨਜ਼ਰ ਹਨ।

ਇਸ ਤੋਂ ਇਲਾਵਾ ਹੁਣ ਰਫ਼ਤਾਰ ਨਿਰਮਾਤਾ ਵਜੋਂ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਫਿਲਹਾਲ, ਉਹ ਨਵਾਜ਼ੂਦੀਨ ਸਿਦੀਕੀ ਦੀ ਇੱਕ ਫਿਲਮ ਦੀ ਤਿਆਰੀ ਕਰ ਰਿਹਾ ਹੈ। ਜਿਸ ਦੇ ਟਾਈਟਲ ਦਾ ਫਿਲਹਾਲ ਫੈਸਲਾ ਨਹੀਂ ਕੀਤਾ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904