Salman Khan House Firing Case: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਦੀ ਘਟਨਾ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ 'ਵਾਂਟੇਡ ਦੋਸ਼ੀ' ਬਣਾ ਦਿੱਤਾ ਹੈ। ਇਕ ਪੁਲਿਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਇਸ ਹਫਤੇ ਦੇ ਸ਼ੁਰੂ 'ਚ ਮਾਮਲੇ 'ਚ ਗ੍ਰਿਫਤਾਰ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਬਿਸ਼ਨੋਈ ਭਰਾਵਾਂ ਤੋਂ ਨਿਰਦੇਸ਼ ਮਿਲ ਰਹੇ ਸਨ। ਗੋਲੀਬਾਰੀ ਵਿੱਚ ਬਿਸ਼ਨੋਈ ਭਰਾਵਾਂ ਦੀ ਸ਼ਮੂਲੀਅਤ ਬਾਰੇ ਪੁਲਿਸ ਨੇ ਦੱਸਿਆ ਕਿ ਲਾਰੇਂਸ ਬਿਸ਼ਨੋਈ ਇੱਕ ਹੋਰ ਕੇਸ ਵਿੱਚ ਗੁਜਰਾਤ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਉਸਦਾ ਭਰਾ ਕੈਨੇਡਾ ਜਾਂ ਅਮਰੀਕਾ ਵਿੱਚ ਹੈ।
ਲਾਰੇਂਸ ਬਿਸ਼ਨੋਈ ਨੂੰ ਹਿਰਾਸਤ ਵਿੱਚ ਲੈ ਸਕਦੀ ਮੁੰਬਈ ਪੁਲਿਸ
ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਪੁਲਿਸ ਨੇ ਕਿਹਾ ਕਿ ਮੁੰਬਈ ਪੁਲਿਸ ਜਲਦ ਹੀ ਲਾਰੇਂਸ ਦੀ ਹਿਰਾਸਤ ਮੰਗ ਸਕਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਆਈਪੀਸੀ ਦੀ ਧਾਰਾ 506 (2) (ਜਾਨ ਦੀ ਧਮਕੀ ਜਾਂ ਗੰਭੀਰ ਸੱਟ ਦੇ ਨਾਲ ਅਪਰਾਧਿਕ ਧਮਕੀ) ਅਤੇ 201 (ਸਬੂਤ ਗਾਇਬ ਕਰਨਾ ਜਾਂ ਅਪਰਾਧੀ ਨੂੰ ਬਚਾਉਣ ਲਈ ਗਲਤ ਜਾਣਕਾਰੀ ਦੇਣਾ) ਐਫਆਈਆਰ ਵਿੱਚ ਸ਼ਾਮਲ ਕੀਤਾ ਹੈ।
ਕੀ ਹੈ ਪੂਰਾ ਮਾਮਲਾ?
ਦੱਸ ਦੇਈਏ ਕਿ 14 ਅਪ੍ਰੈਲ ਦੀ ਸਵੇਰ ਨੂੰ ਦੋ ਮੋਟਰਸਾਈਕਲ ਸਵਾਰ ਲੋਕਾਂ ਨੇ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ 'ਗੈਲੇਕਸੀ ਅਪਾਰਟਮੈਂਟ' 'ਤੇ 5 ਰਾਉਂਡ ਫਾਇਰ ਕੀਤੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਐਫਆਈਆਰ ਦਰਜ ਕੀਤੀ। ਪੁਲਿਸ ਨੇ ਗੁਪਤਾ ਅਤੇ ਪਾਲ ਨੂੰ 16 ਅਪ੍ਰੈਲ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪਾਲ ਨੇ ਗੋਲੀ ਚਲਾਈ ਸੀ ਜਦੋਂ ਗੁਪਤਾ ਮੋਟਰਸਾਈਕਲ 'ਤੇ ਸਵਾਰ ਸੀ।
ਅਨਮੋਲ ਬਿਸ਼ਨੋਈ ਨੇ ਲਈ ਸੀ ਹਮਲੇ ਦੀ ਜ਼ਿੰਮੇਵਾਰੀ
ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਅਨਮੋਲ ਬਿਸ਼ਨੋਈ ਨਾਂ ਦੇ ਵਿਅਕਤੀ ਨੇ ਫੇਸਬੁੱਕ ਪੋਸਟ ਰਾਹੀਂ ਲਈ ਸੀ। ਪੁਲਿਸ ਮੁਤਾਬਕ ਜਿਸ 'ਆਈਪੀ' ਐਡਰੈੱਸ ਤੋਂ ਪੋਸਟ ਅਪਲੋਡ ਕੀਤੀ ਗਈ ਸੀ, ਉਹ ਪੁਰਤਗਾਲ ਦਾ ਸੀ। ਇਸ ਨੂੰ ਗੋਲੀਬਾਰੀ ਦੀ ਘਟਨਾ ਤੋਂ ਤਿੰਨ ਘੰਟੇ ਪਹਿਲਾਂ ਅਪਲੋਡ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਨਮੋਲ ਦੇ ਨਾਂ 'ਤੇ ਫੇਸਬੁੱਕ ਅਕਾਊਂਟ ਵਿਦੇਸ਼ੀ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ।