Salman Khan house Firing: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਉਨ੍ਹਾਂ ਦਾ ਪਰਿਵਾਰ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਦੱਸ ਦੇਈਏ ਕਿ ਪੁਲਿਸ ਨੇ ਅਪ੍ਰੈਲ 'ਚ ਇੱਥੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ 'ਚ ਸਲਮਾਨ ਸਣੇ ਅਰਬਾਜ਼ ਖਾਨ ਦੇ ਬਿਆਨ ਦਰਜ ਕੀਤੇ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਅਪਰਾਧ ਸ਼ਾਖਾ ਦੀ ਚਾਰ ਮੈਂਬਰੀ ਟੀਮ ਇਸ ਮਹੀਨੇ ਦੇ ਸ਼ੁਰੂ ਵਿੱਚ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ਵਿੱਚ ਗਈ ਸੀ ਜਿੱਥੇ (ਖਾਨ) ਪਰਿਵਾਰ ਰਹਿੰਦਾ ਹੈ।



ਸਲਮਾਨ ਖਾਨ ਦਾ ਬਿਆਨ ਦਰਜ ਕੀਤਾ


4 ਜੂਨ ਨੂੰ ਦੁਪਹਿਰ 12 ਵਜੇ ਦੇ ਕਰੀਬ ਕ੍ਰਾਈਮ ਬ੍ਰਾਂਚ ਦੇ ਚਾਰ ਅਧਿਕਾਰੀ ਸਲਮਾਨ ਦੇ ਘਰ ਬਿਆਨ ਦਰਜ ਕਰਵਾਉਣ ਲਈ ਗਏ। ਸਲਮਾਨ ਖਾਨ ਦਾ ਬਿਆਨ ਦਰਜ ਕਰਨ 'ਚ ਕਰੀਬ ਤਿੰਨ ਤੋਂ ਚਾਰ ਘੰਟੇ ਲੱਗੇ, ਜਦਕਿ ਅਰਬਾਜ਼ ਖਾਨ ਦਾ ਬਿਆਨ ਦਰਜ ਕਰਨ 'ਚ ਦੋ ਘੰਟੇ ਲੱਗੇ। ਕ੍ਰਾਈਮ ਬ੍ਰਾਂਚ ਦੀ ਟੀਮ ਸਲਮਾਨ ਦੇ ਬਿਆਨ ਦਰਜ ਕਰਨ ਤੋਂ ਬਾਅਦ ਸ਼ਾਮ 5.30 ਵਜੇ ਤੋਂ ਬਾਅਦ ਉਸ ਦੇ ਘਰ ਤੋਂ ਰਵਾਨਾ ਹੋਈ।


ਗੋਲੀਆਂ ਚੱਲਣ ਕਾਰਨ ਅਚਾਨਕ ਖੁੱਲ੍ਹੀ ਨੀਂਦ


ਅਰਬਾਜ਼ ਖਾਨ ਦਾ ਬਿਆਨ 4 ਪੰਨਿਆਂ 'ਚ ਦਰਜ ਕੀਤਾ ਗਿਆ ਜਦਕਿ ਸਲਮਾਨ ਖਾਨ ਦਾ ਬਿਆਨ 9 ਪੰਨਿਆਂ 'ਚ ਦਰਜ ਕੀਤਾ ਗਿਆ। ਸਲਮਾਨ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਘਟਨਾ ਵਾਲੀ ਰਾਤ ਉਨ੍ਹਾਂ ਦੇ ਘਰ ਪਾਰਟੀ ਚੱਲ ਰਹੀ ਸੀ। ਜਿਸ ਕਾਰਨ ਉਹ ਦੇਰ ਨਾਲ ਸੁੱਤਾ ਅਤੇ ਸਵੇਰੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਜਾਗ ਗਿਆ। ਸਲਮਾਨ ਨੇ ਕਿਹਾ ਕਿ ਇਹ ਘਟਨਾ ਬਹੁਤ ਗੰਭੀਰ ਸੀ ਅਤੇ ਉਨ੍ਹਾਂ ਨੇ ਮੁੰਬਈ ਪੁਲਿਸ ਦੇ ਚੰਗੇ ਕੰਮ ਦੀ ਪ੍ਰਸ਼ੰਸਾ ਕੀਤੀ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਲਮਾਨ ਖਾਨ ਅਤੇ ਉਨ੍ਹਾਂ ਦੇ ਭਰਾ ਅਰਬਾਜ਼ ਖਾਨ ਤੋਂ ਕਰੀਬ 150 ਸਵਾਲ ਪੁੱਛੇ।


ਸਲੀਮ ਖਾਨ ਦਾ ਬਿਆਨ ਦਰਜ ਨਹੀਂ ਕੀਤਾ ਗਿਆ


ਸਲਮਾਨ ਖਾਨ ਗੋਲੀਬਾਰੀ ਮਾਮਲੇ 'ਚ ਹੁਣ ਤੱਕ ਕ੍ਰਾਈਮ ਬ੍ਰਾਂਚ ਕੁੱਲ 29 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਘਟਨਾ ਦੇ ਸਮੇਂ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਘਰ 'ਚ ਮੌਜੂਦ ਸਨ। ਹਾਲਾਂਕਿ ਬੁਢਾਪੇ ਕਾਰਨ ਉਸ ਦੇ ਬਿਆਨ ਦਰਜ ਨਹੀਂ ਕੀਤੇ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਉਸ ਦੇ ਬਿਆਨ ਦਰਜ ਕਰਨਗੇ। ਪੁਲੀਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਵਿੱਚੋਂ ਹਿਰਾਸਤ ਵਿੱਚ ਲੈਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ।


ਦੱਸ ਦੇਈਏ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ 14 ਅਪ੍ਰੈਲ ਨੂੰ ਗੋਲੀਬਾਰੀ ਹੋਈ ਸੀ। ਦੋ ਬਾਈਕ ਸਵਾਰ ਵਿਅਕਤੀ ਨੇ ਕਈ ਰਾਉਂਡ ਫਾਇਰ ਕੀਤੇ। ਇਸ ਮਾਮਲੇ ਵਿੱਚ ਗੋਲੀ ਚਲਾਉਣ ਵਾਲੇ ਮੁਲਜ਼ਮ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਪੁਲਿਸ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਸ ਮਾਮਲੇ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।