ਮੁੰਬਈ: ਬਾਲੀਵੁੱਡ ਦੀ ਫੇਮਸ ਕੋਰੀਓਗ੍ਰਾਫਰ ਸਰੋਜ ਖਾਨ ਨੇ ਬੇਹੱਦ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ, ਜਿਸ ਨਾਲ ਕਾਫੀ ਹੰਗਾਮਾ ਮੱਚ ਗਿਆ। ਇੱਕ ਬਿਆਨ ‘ਚ ਸਰੋਜ ਖਾਨ ਨੇ ਫ਼ਿਲਮ ਇੰਡਸਟਰੀ ‘ਚ ਹੋਣ ਵਾਲੇ ਕਾਸਟਿੰਗ ਕਾਊਚ ਨੂੰ ਸਹੀ ਠਹਿਰਾ ਦਿੱਤਾ। ਸਰੋਜ ਖਾਨ ਨੇ ਕਿਹਾ, “ਕਾਸਟਿੰਗ ਕਾਊਚ ਹੋਣਾ ਕੋਈ ਨਵੀਂ ਗੱਲ ਨਹੀਂ। ਇਹ ਤਾਂ ਬਾਬਾ ਆਦਮ ਦੇ ਜ਼ਮਾਨੇ ਤੋਂ ਚੱਲਿਆ ਆ ਰਿਹਾ ਹੈ। ਹਰ ਕੁੜੀ ‘ਤੇ ਕੋਈ ਨਾ ਕੋਈ ਹੱਥ ਸਾਫ ਕਰਨ ਦੀ ਕੋਸ਼ਿਸ਼ ਕਰਦਾ ਹੈ।”




ਇੰਨਾ ਹੀ ਨਹੀਂ ਸਰੋਜ ਖਾਨ ਨੇ ਕਿਹਾ, ‘ਸਰਕਾਰ ਦੇ ਲੋਕ ਕਰਦੇ ਨੇ ਤੇ ਫੇਰ ਤੁਸੀਂ ਫ਼ਿਲਮ ਇੰਡਸਟਰੀ ਦੇ ਪਿੱਛੇ ਕਿਉਂ ਪਏ ਰਹਿੰਦੇ ਹੋ। ਫ਼ਿਲਮੀ ਦੁਨੀਆ ਘੱਟ ਤੋਂ ਘੱਟ ਰੋਟੀ ਤਾਂ ਦਿੰਦੀ ਹੈ। ਰੇਪ ਕਰਕੇ ਛੱਡ ਤਾਂ ਨਹੀਂ ਦਿੰਦੀ। ਇਹ ਸਭ ਕੁੜੀ ‘ਤੇ ਨਿਰਭਰ ਹੁੰਦਾ ਹੈ ਕਿ ਉਹ ਕੀ ਚਾਹੁੰਦੀ ਹੈ, ਜੇਕਰ ਉਹ ਕਿਸੇ ਦੇ ਹੱਥ ਨਹੀਂ ਆਉਣਾ ਚਾਹੁੰਦੀ ਤਾਂ ਨਾ ਆਵੇ।’ ਸਰੋਜ ਨੇ ਅੱਗੇ ਕਿਹਾ, ‘ਜੇਕਰ ਤੁਹਾਡੇ ਕੋਲ ਕਲਾ ਹੈ ਤਾਂ ਕਿਉਂ ਆਪਣੇ ਆਪ ਨੂੰ ਵੇਚੋਗੇ। ਫ਼ਿਲਮ ਇੰਡਸਟਰੀ ਬਾਰੇ ਕੁਝ ਨਾ ਕਹਿਣਾ। ਉਹ ਸਾਡੀ ਮਾਈ-ਬਾਪ ਹੈ।’



ਹੁਣ ਸਰੋਜ ਦੇ ਇਸ ਬਿਆਨ ‘ਤੇ ਕਾਫੀ ਹੰਗਾਮਾ ਮੱਚਿਆ ਹੋਇਆ ਹੈ। ਸੋਫੀ ਚੌਧਰੀ ਨੇ ਸਰੋਜ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਟਵੀਟ ਕੀਤਾ ਹੈ ਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਸਰੋਜ ਨੇ ਇਹ ਗੱਲ ਇੱਕ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ ਕਹੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਇਸ ‘ਤੇ ਆਪਣਾ ਗੁੱਸਾ ਟਵੀਟ ਕਰਕੇ ਦਿਖਾਇਆ।