Singer KK Death: ਹੁਣ ਗਾਇਕ ਕੇਕੇ ਦੀ ਮੌਤ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਸ ਆਡੀਟੋਰੀਅਮ ਵਿੱਚ ਸੰਗੀਤ ਸਮਾਰੋਹ ਹੋਇਆ ਸੀ, ਉੱਥੇ ਸਮਰੱਥਾ ਤੋਂ ਦੋ ਗੁਣਾ ਜ਼ਿਆਦਾ ਲੋਕ ਪਹੁੰਚੇ ਸਨ। ਦੱਸਿਆ ਗਿਆ ਹੈ ਕਿ ਦੋ ਹਜ਼ਾਰ ਤੋਂ ਢਾਈ ਹਜ਼ਾਰ ਲੋਕਾਂ ਦੀ ਸਮਰੱਥਾ ਵਾਲੇ ਆਡੀਟੋਰੀਅਮ ਵਿੱਚ ਕਰੀਬ 5 ਹਜ਼ਾਰ ਲੋਕ ਮੌਜੂਦ ਸਨ। ਇੰਨਾ ਹੀ ਨਹੀਂ ਇੱਕ ਵੀਡੀਓ ਵੀ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਲੋਕਾਂ ਨੂੰ ਬਾਹਰ ਕੱਢਣ ਲਈ ਅੱਥਰੂ ਗੈਸ ਛੱਡੀ ਜਾ ਰਹੀ ਹੈ। ਵਿਰੋਧੀ ਪਾਰਟੀ ਭਾਜਪਾ ਨੇ ਹੁਣ ਇਸ ਨੂੰ ਲੈ ਕੇ ਕਈ ਸਵਾਲ ਉਠਾਏ ਹਨ।



ਦੱਸ ਦਈਏ ਕਿ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਮਸ਼ਹੂਰ ਗਾਇਕ ਕੇਕੇ ਦਾ ਇਕ ਸੰਗੀਤ ਸਮਾਰੋਹ ਚੱਲ ਰਿਹਾ ਸੀ, ਜਿਸ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ। ਸਾਹਮਣੇ ਆਈਆਂ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਕਈ ਵਾਰ ਆਪਣੇ ਚਿਹਰੇ ਤੋਂ ਪਸੀਨਾ ਪੂੰਝ ਰਿਹਾ ਹੈ ਤੇ ਨਾਲ ਹੀ ਉਸ ਨੂੰ ਗਰਮੀ ਹੋਣ ਦੀ ਸ਼ਿਕਾਇਤ ਵੀ ਕਰਦੇ ਦੇਖਿਆ ਜਾ ਸਕਦਾ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ
ਕ੍ਰਿਸ਼ਨ ਕੁਮਾਰ ਕੁਨਾਥ (ਕੇਕੇ) ਦੀ ਮੌਤ ਨੂੰ ਪਹਿਲਾਂ ਦਿਲ ਦਾ ਦੌਰਾ ਦੱਸਿਆ ਗਿਆ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਕੋਲਕਾਤਾ ਪੁਲਿਸ ਨੇ ਉਸ ਦੀ ਮੌਤ 'ਤੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਕੋਲਕਾਤਾ ਦੇ ਨਿਊ ਮਾਰਕੀਟ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਉਹ ਪੰਜ ਤਾਰਾ ਹੋਟਲ ਉਸੇ ਥਾਣੇ ਦੇ ਖੇਤਰ ਵਿੱਚ ਆਉਂਦਾ ਹੈ ,ਜਿਸ ਵਿੱਚ ਕੇਕੇ ਠਹਿਰਿਆ ਹੋਇਆ ਸੀ। ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਨੇ ਇਸ ਹੋਟਲ ਵਿੱਚ ਸਿਹਤ ਵਿਗੜਨ ਦੀ ਸ਼ਿਕਾਇਤ ਕੀਤੀ ਸੀ।

ਕੇਕੇ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਗਾਇਕ ਕੇਕੇ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਹੋਟਲ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਾਂ, ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਦੋ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ 53 ਸਾਲਾ ਗਾਇਕ, ਜੋ ਕਿ ਇੱਕ ਕਾਲਜ ਦੇ ਦੋ ਸਮਾਗਮਾਂ ਵਿੱਚ ਪਰਫਾਰਮ ਕਰਨ ਲਈ ਕੋਲਕਾਤਾ ਦੇ ਦੋ ਦਿਨਾਂ ਦੌਰੇ 'ਤੇ ਸੀ, ਨੂੰ ਉਸ ਹੋਟਲ ਵਿੱਚ ਫ਼ੈਨਜ ਦੀ ਭੀੜ ਨੇ "ਲਗਭਗ ਘੇਰ ਲਿਆ ਸੀ।