ਮੁੰਬਈ: ਇਨਕਮ ਟੈਕਸ ਵਿਭਾਗ ਨੇ ਅੱਜ ਦੂਜੇ ਦਿਨ ਵੀ ਅਦਾਕਾਰ ਸੋਨੂੰ ਸੂਦ ਦੇ ਘਰ ਤੇ ਦਫ਼ਤਰਾਂ 'ਤੇ ਸਰਵੇਖਣ ਜਾਰੀ ਰੱਖਿਆ ਹੈ। ਕੱਲ੍ਹ ਕਰੀਬ 12 ਘੰਟੇ ਤੋਂ ਜ਼ਿਆਦਾ ਸੋਨੂੰ ਸੂਦ ਦੇ 6 ਟਿਕਾਣਿਆਂ 'ਤੇ ਸਰਵੇਖਣ ਅਭਿਆਨ ਚਲਾਇਆ ਸੀ। ਹੁਣ ਤਕ ਆਈਟੀ ਡਿਪਾਰਟਮੈਂਟ ਨੇ ਇਸ ਸਰਵੇਖਣ 'ਚ ਕੀ ਹਾਸਿਲ ਕੀਤਾ ਇਸ ਦੀ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।
ਕੱਲ੍ਹ ਸੋਨੂੰ ਦੇ ਜੁਹੂ ਆਫ਼ਿਸ, ਲੋਖੰਡਵਾਲਾ ਘਰ ਸਮੇਤ 6 ਟਿਕਾਣਿਆਂ 'ਤੇ ਸਰਵੇਖਣ ਕੀਤਾ ਸੀ। ਆਈਟੀ ਅਧਿਕਾਰੀਆਂ ਦੀਆਂ ਟੀਮਾਂ ਨੇ ਕੱਲ੍ਹ ਸਵੇਰ ਤੋਂ ਹੀ ਅਭਿਆਨ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਕਾਰਵਾਈ ਦੇ ਪਿੱਛੇ ਦੇ ਕਾਰਨਾਂ ਦਾ ਤਤਕਾਲ ਪਤਾ ਨਹੀਂ ਲੱਗ ਸਕਿਆ।
ਕੋਵਿਡ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ਵਾਲੇ ਸੋਨੂੰ ਸੂਦ ਮੀਡੀਆ ਤੇ ਆਮ ਲੋਕਾਂ ਦੀ ਪ੍ਰਸ਼ੰਸਾ ਹਾਸਲ ਕਰ ਚੁੱਕੇ ਹਨ। ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਨੇ ਵੱਡੀ ਸੰਖਿਆਂ 'ਚ ਘਰ ਪਰਤ ਰਹੇ ਪਰਵਾਸੀ ਮਜਦੂਰਾਂ ਦੀ ਆਰਥਿਕ ਮਦਦ ਕੀਤੀ ਸੀ। ਉਨ੍ਹਾਂ ਅਜਿਹੇ ਮਜਦੂਰਾਂ ਦੇ ਸਫ਼ਰ ਨੂੰ ਸੁਵਿਧਾਜਨਕ ਬਣਾਉਣ ਲਈ ਭੋਜਨ, ਵਾਹਨ ਆਦਿ ਦਾ ਇੰਤਜ਼ਾਮ ਵੀ ਕੀਤਾ ਸੀ।
ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲਾਂਕਿ ਉਨ੍ਹਾਂ ਆਮਦਨ ਕਰ ਵਿਭਾਗ ਦੇ ਇਸ ਸਰਵੇਖਣ ਨੂੰ ਲੈਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਨਕਮ ਟੈਕਸ ਦੇ ਸਰਵੇਖਣ ਤੋਂ ਇਕ ਦਿਨ ਪਹਿਲਾਂ ਸੋਨੂੰ ਸੂਦ ਨੇ ਆਪਣੇ ਟਵਿਟਰ 'ਤੇ ਲਿਖਿਆ ਸੀ- 'ਚਲੋ ਨਵਾਂ ਰਸਤਾ ਬਣਾਈਏ- ਕਿਸੇ ਹੋਰ ਲਈ।'
ਇਹ ਟੈਕਸ ਸਰਵੇਖਣ ਸੋਨੂੰ ਸੂਦ ਨੂੰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵੱਲੋਂ ਸਕੂਲ ਸਟੂਡੈਂਟਸ ਦੇ ਮੈਂਟੋਰਸ਼ਿਪ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਬਣਾਏ ਜਾਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ।
ਇਸ ਨੂੰ ਲੈਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਰਾਜ਼ਗੀ ਜਤਾਈ ਹੈ। ਉਨ੍ਹਾਂ ਟਵੀਟ ਕਰਕੇ ਕਿਹਾ, 'ਸੱਚਾਈ ਦੇ ਰਸਤੇ 'ਤੇ ਲੱਖਾਂ ਮੁਸ਼ਕਿਲਾਂ ਆਉਂਦੀਆਂ ਹਨ। ਪਰ ਜਿੱਤ ਹਮੇਸ਼ਾਂ ਸੱਚਾਈ ਦੀ ਹੁੰਦੀ ਹੈ। ਸੋਨੂੰ ਸੂਦ ਜੀ ਦੇ ਨਾਲ ਭਾਰਤ ਦੇ ਉਨ੍ਹਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ ਜਿੰਨ੍ਹਾਂ ਨੂੰ ਮੁਸ਼ਕਲ ਘੜੀ ਚ ਸੋਨੂੰ ਸੂਦ ਦਾ ਸਾਥ ਮਿਲਿਆ ਸੀ।'