ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਪਣੇ ਜੌੜੇ ਬੱਚਿਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਇਸ ਵਾਰ ਉਨ੍ਹਾਂ ਦੇ ਚਰਚਾ ਵਿੱਚ ਆਉਣ ਦਾ ਕਾਰਨ ਹੈ ਹੈ ਸੰਨੀ ਦਾ ਮੋਮ ਦਾ ਬੁੱਤ। ਜੀ ਹਾਂ, ਦਿੱਲੀ ਦੇ ਮੈਡਮ ਤੁਸਾਡਸ ਵਿੱਚ ਛੇਤੀ ਹੀ ਸੰਨੀ ਦਾ ਮੋਮ ਦਾ ਬੁੱਤ ਸਥਾਪਤ ਕੀਤਾ ਜਾਵੇਗਾ। ਇਸ ਨੂੰ ਲੰਦਨ ਦੇ ਅਦਾਕਾਰਾਂ ਦੀ ਟੀਮ ਨੇ ਤਿਆਰ ਕੀਤਾ ਹੈ। ਟੀਮ ਨੇ ਵਿਸ਼ੇਸ਼ ਤੌਰ 'ਤੇ ਮੁੰਬਈ ਆ ਕੇ ਸੰਨੀ ਦਾ ਤਕਰੀਬਨ 200 ਵਾਰ ਮੇਚਾ ਲਿਆ ਤੇ ਤਸਵੀਰਾਂ ਵੀ ਲਈਆਂ ਤਾਂ ਜੋ ਸੰਨੀ ਦੀ ਫਿਗਰ ਨੂੰ ਬੁੱਤ ਵਿੱਚ ਢਾਲਿਆ ਜਾ ਸਕੇ। ਅੱਜ ਕੱਲ੍ਹ ਸੰਨੀ ਦੇ ਇੱਕ ਹੋਰ ਕਿੱਸੇ ਦੀ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਸੰਨੀ ਕੋਲ ਇੱਕ ਸੌਫ਼ਟ ਟੌਇ ਗਊ ਹੈ, ਜਿਸ ਨਾਲ ਸੰਨੀ ਨੂੰ ਕਾਫੀ ਲਗਾਅ ਹੈ। ਹਾਲ ਹੀ ਵਿੱਚ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਉਸੇ ਖਿਡੌਣਾ ਗਾਂ ਨੂੰ ਆਪਣੀ ਗੋਦੀ ਚੁੱਕਿਆ ਹੋਇਆ ਹੈ।
ਤਸਵੀਰ ਪੋਸਟ ਕਰਦਿਆਂ ਉਨ੍ਹਾਂ ਲਿਖਿਆ ਹੈ, "ਕਿਸੇ ਨੇ ਮੇਰੀ ਗਾਂ ਚੁਰਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਨੂੰ ਇੰਨੇ ਖੌਫ਼ਨਾਕ ਤਰੀਕੇ ਨਾਲ ਘੂਰਿਆ!! ਉਹ ਮੇਰੀ ਗਾਂ ਹੈ!!" ਤੁਹਾਨੂੰ ਦੱਸ ਦੇਈਏ ਕਿ ਸੰਨੀ ਨੇ ਮਾਰਚ ਵਿੱਚ ਸੇਰੋਗੇਸੀ (ਕਿਰਾਏ ਦੀ ਕੁੱਖ) ਦੀ ਮਦਦ ਨਾਲ ਜੌੜੇ ਬੱਚਿਆਂ ਦੀ ਮਾਂ ਬਣੀ ਹੈ। 36 ਸਾਲਾ ਸੰਨੀ ਲਿਓਨੀ ਦਾ ਵਿਆਹ ਸਾਲ 2011 ਵਿੱਚ ਡੇਨੀਅਲ ਵੈਬਰ ਨਾਲ ਹੋਇਆ ਸੀ। ਇਸ ਜੋੜੀ ਨੇ ਪਿਛਲੇ ਸਾਲ ਜੁਲਾਈ ਵਿੱਚ ਧੀ ਨਿਸ਼ਾ ਨੂੰ ਗੋਦ ਲਿਆ ਸੀ। ਬਾਲੀਵੁੱਡ ਅਦਾਕਾਰਾ ਅਕਸਰ ਆਪਣੇ ਪਰਿਵਾਰ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ। ਸੰਨੀ ਦੀ ਗਾਂ ਵਾਲੀ ਤਸਵੀਰ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।