ਸੁਰਵੀਨ ਚਾਵਲਾ ਨੂੰ ਅਦਾਲਤ ਤੋਂ ਰਾਹਤ
ਏਬੀਪੀ ਸਾਂਝਾ | 22 May 2018 11:34 AM (IST)
ਹੁਸ਼ਿਆਰਪੁਰ: ਅਦਾਕਾਰਾ ਸੁਰਵੀਨ ਚਾਵਲਾ ਨੂੰ ਅਦਾਲਤ ਤੋਂ ਰਾਹਤ ਮਿਲ ਗਈ ਹੈ। ਸੋਮਵਾਰ ਨੂੰ ਸੁਰਵੀਨ ਤੇ ਉਸ ਦੇ ਫ਼ਿਲਮ ਨਿਰਮਾਤਾ ਪਤੀ ਅਕਸ਼ੇ ਠੱਕਰ ਨੂੰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਧੋਖਾਧੜੀ ਦੇ ਮਾਮਲੇ ਵਿੱਚ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਹੁਸ਼ਿਆਰਪੁਰ ਵਾਸੀ ਸਤਪਾਲ ਗੁਪਤਾ ਨੇ ਸਿਟੀ ਥਾਣੇ ਵਿੱਚ ਸੁਰਵੀਨ, ਉਸ ਦੇ ਪਤੀ ਤੇ ਭਰਾ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ ਕਿ ਉਨ੍ਹਾਂ ਨੇ ਹਿੰਦੀ ਫ਼ਿਲਮ ‘ਨਿਲ ਬਟੇ ਸੰਨਾਟਾ’ ਵਿੱਚ ਉਨ੍ਹਾਂ ਦੇ ਲੱਖਾਂ ਰੁਪਏ ਲਗਵਾ ਦਿੱਤੇ, ਪਰ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਨਾ ਉਨ੍ਹਾਂ ਨੂੰ ਮੂਲ ਰਕਮ ਮੋੜੀ ਅਤੇ ਨਾ ਹੀ ਆਮਦਨ ’ਚੋਂ ਕੋਈ ਹਿੱਸਾ ਦਿੱਤਾ। ਸੁਰਵੀਨ ਚਾਵਲਾ ਤੇ ਉਸ ਦੇ ਪਤੀ ਨੇ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਸੈਸ਼ਨ ਜੱਜ ਐਸ.ਕੇ ਅਰੋੜਾ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਪਿਛਲੇ ਹਫ਼ਤੇ ਅਦਾਲਤ ਨੇ ਇਸ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸੋਮਵਾਰ ਨੂੰ ਦੋਹਾਂ ਦੀ ਅਰਜ਼ੀ ਮਨਜ਼ੂਰ ਕਰ ਲਈ।