Rajpal Yadav Property Seized: ਬਾਲੀਵੁੱਡ ਸਿਨੇਮਾ ਜਗਤ ਦੇ ਮਸ਼ਹੂਰ ਕਾਮੇਡੀਅਨ ਰਾਜਪਾਲ ਯਾਦਵ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਉਨ੍ਹਾਂ ਸਾਲ 2012 ਵਿੱਚ ਇੱਕ ਫਿਲਮ ਅਤਾ ਪਤਾ ਲਾਪਤਾ ਬਣਾਈ ਸੀ। ਇਸ ਫਿਲਮ ਨੂੰ ਬਣਾਉਣ ਲਈ ਰਾਜਪਾਲ ਯਾਦਵ ਨੇ ਮੁੰਬਈ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਬ੍ਰਾਂਚ ਤੋਂ ਕਰੀਬ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਪਰ ਰਾਜਪਾਲ ਅਜੇ ਤੱਕ ਬੈਂਕ ਤੋਂ ਲਿਆ ਕਰਜ਼ਾ ਨਹੀਂ ਵਾਪਸ ਕਰ ਸਕੇ, ਜਿਸ ਤੋਂ ਬਾਅਦ ਹੁਣ ਬੈਂਕ ਨੇ ਸ਼ਾਹਜਹਾਂਪੁਰ ਸਥਿਤ ਉਨ੍ਹਾਂ ਦੇ ਘਰ ਨੂੰ ਜ਼ਬਤ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਜੋ ਜਾਇਦਾਦ ਜ਼ਬਤ ਕੀਤੀ ਗਈ ਹੈ, ਉਸ ਦੀ ਕੀਮਤ ਕਰੋੜਾਂ ਦੀ ਹੈ। ਬੈਂਕ ਨੇ ਉੱਥੇ ਆਪਣਾ ਬੋਰਡ ਲਗਾ ਦਿੱਤਾ ਹੈ ਅਤੇ ਨੋਟਿਸ ਵਿੱਚ ਲਿਖਿਆ ਹੈ ਕਿ ਇਹ ਜਾਇਦਾਦ ਸੈਂਟਰਲ ਬੈਂਕ ਆਫ ਇੰਡੀਆ ਮੁੰਬਈ ਦੀ ਹੈ। ਇਸ ਦੇ ਨਾਲ ਹੀ ਬੈਨਰ 'ਤੇ ਉਸ ਜਾਇਦਾਦ ਨੂੰ ਨਾ ਖਰੀਦਣ ਜਾਂ ਨਾ ਵੇਚਣ ਦਾ ਸੰਦੇਸ਼ ਵੀ ਲਿਖਿਆ ਗਿਆ ਹੈ। ਸੋਮਵਾਰ ਨੂੰ ਬੈਂਕ ਦੇ ਦੋ ਅਧਿਕਾਰੀਆਂ ਨੇ ਉੱਥੇ ਪਹੁੰਚ ਕੇ ਇਹ ਕਾਰਵਾਈ ਕੀਤੀ।
'ਅਤਾ ਪਤਾ ਲਾਪਤਾ'
'ਅਤਾ ਪਤਾ ਲਾਪਤਾ' ਰਾਜਪਾਲ ਯਾਦਵ ਦੀ ਬਤੌਰ ਨਿਰਦੇਸ਼ਕ ਪਹਿਲੀ ਅਤੇ ਆਖ਼ਰੀ ਫ਼ਿਲਮ ਸੀ। ਰਾਜਪਾਲ ਦੀ ਪਤਨੀ ਰਾਧਾ ਯਾਦਵ ਇਸ ਫਿਲਮ ਦੀ ਨਿਰਮਾਤਾ ਸੀ। ਬਾਲੀਵੁੱਡ ਹੰਗਾਮਾ ਮੁਤਾਬਕ ਰਾਜਪਾਲ ਯਾਦਵ ਦੀ ਫਿਲਮ ਘਰੇਲੂ ਬਾਕਸ ਆਫਿਸ 'ਤੇ ਸਿਰਫ 38 ਲੱਖ ਰੁਪਏ ਦਾ ਕਾਰੋਬਾਰ ਕਰ ਸਕੀ ਅਤੇ ਬੁਰੀ ਤਰ੍ਹਾਂ ਫਲਾਪ ਹੋ ਗਈ। ਫਿਲਮ 'ਚ ਰਾਜਪਾਲ ਯਾਦਵ ਤੋਂ ਇਲਾਵਾ ਵਿਨੋਦ ਅਚਾਰੀਆ, ਅਸਰਾਨੀ, ਅਮਿਤ ਬਹਿਲ, ਵਿਕਰਮ ਗੋਖਲੇ, ਮਨੋਜ ਜੋਸ਼ੀ, ਮੁਸਤਾਕ ਖਾਨ, ਰਜ਼ਾਕ ਖਾਨ, ਯੂਸਫ ਹੁਸੈਨ ਅਤੇ ਪੰਚਾਇਤ ਫੇਮ ਪੰਕਜ ਝਾਅ ਵੀ ਨਜ਼ਰ ਆਏ। ਇਸ ਨੂੰ ਸੰਜੇ ਕੁਮਾਰ, ਸੰਦੀਪ ਨਾਥ ਅਤੇ ਰਾਜਪਾਲ ਯਾਦਵ ਨੇ ਲਿਖਿਆ ਸੀ।
ਜਦੋਂ ਜੇਲ੍ਹ ਗਏ ਸੀ ਰਾਜਪਾਲ ਯਾਦਵ
ਖਬਰਾਂ ਮੁਤਾਬਕ ਫਿਲਮ ਬਣਾਉਣ ਲਈ ਰਾਜਪਾਲ ਯਾਦਵ ਨੇ ਐਮਜੀ ਅਗਰਵਾਲ ਨਾਮ ਦੇ ਇੱਕ ਕਾਰੋਬਾਰੀ ਤੋਂ ਵਿਆਜ 'ਤੇ ਪੈਸੇ ਲਏ ਸਨ। ਇਹ ਰਕਮ 5 ਕਰੋੜ ਰੁਪਏ ਦੱਸੀ ਜਾਂਦੀ ਹੈ। ਪਰ ਉਹ ਕਈ ਸਾਲਾਂ ਤੱਕ ਕਰਜ਼ਾ ਨਹੀਂ ਮੋੜ ਸਕੇ। ਮੂਲ ਰਕਮ 'ਤੇ ਵਿਆਜ ਇੰਨਾ ਵਧ ਗਿਆ ਕਿ ਕਰਜ਼ਾ 10 ਕਰੋੜ ਰੁਪਏ ਤੱਕ ਪਹੁੰਚ ਗਿਆ। ਫਿਰ ਰਾਜਪਾਲ ਯਾਦਵ ਨੇ ਕਾਰੋਬਾਰੀ ਨੂੰ 5 ਕਰੋੜ ਰੁਪਏ ਦਾ ਚੈੱਕ ਦਿੱਤਾ, ਪਰ ਉਹ ਬਾਊਂਸ ਹੋ ਗਿਆ। ਇਸ ਤੋਂ ਬਾਅਦ ਕਾਰੋਬਾਰੀ ਨੇ ਰਾਜਪਾਲ ਯਾਦਵ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਕੱਟਣੀ ਪਈ ਸੀ।
ਵਰਕਫਰੰਟ ਦੀ ਗੱਲ ਕਰਿਏ ਤਾਂ ਰਾਜਪਾਲ ਯਾਦਵ ਨੂੰ ਆਖਰੀ ਵਾਰ ਕਾਰਤਿਕ ਆਰੀਅਨ ਸਟਾਰਰ ਫਿਲਮ ਚੰਦੂ ਚੈਂਪੀਅਨ ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਰਾਜਪਾਲ ਯਾਦਵ ਭੂਲ ਭੁਲੱਈਆ 3, ਵੈਲਕਮ ਟੂ ਦ ਜੰਗਲ, ਬੇਬੀ ਜੌਨ, ਟ੍ਰੇਟਰ, ਹਾਊਸਫੁੱਲ 5, ਲਾਈਫ ਆਫ ਕੁਕੂ, ਸ਼ਰਾਪ, ਆਵਾਰਾ ਪਾਗਲ ਦੀਵਾਨਾ 2, ਹੇਰਾ ਫੇਰੀ 3 ਸਮੇਤ ਕਈ ਫਿਲਮਾਂ ਵਿੱਚ ਕਾਮੇਡੀ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।