ਪੰਜਾਬੀ ਫਿਲਮ 'ਟਾਈਗਰ' ਕਹਾਣੀ ਹੈ ਇੱਕ ਪੰਜਾਬੀ ਮੁੰਡੇ ਦੀ ਜੋ ਬਦਲਾ ਲੈਣਾ ਚਾਹੁੰਦਾ ਆਪਣੇ ਅਤੇ ਆਪਣੇ ਪਰਿਵਾਰ ਨਾਲ ਹੋਏ ਜ਼ੁਲਮਾਂ ਦਾ। ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਜੇਲ ਤੋਂ ਜਿੱਥੇ ਉਹ ਪਿਛਲੇ 15 ਸਾਲਾਂ ਤੋਂ ਕੈਦ ਹੈ। ਇਸ ਮੁੰਡੇ ਦਾ ਨਾਂ ਗੁਰਜੰਟ ਹੈ ਪਰ ਜੇਲ ਵਿੱਚ ਸਾਰੇ ਇਸਨੂੰ ਵਕੀਲ ਬੁਲਾਉਂਦੇ ਹਨ। ਕਿਉਂਕਿ ਇਹ ਵਕਾਲਤ ਦੀ ਪੜ੍ਹਾਈ ਕਰਦਾ ਹੈ ਅਤੇ ਪੈਂਤਰੇ ਲਾ ਵੱਡੇ ਮੁਜਰਮਾਂ ਨੂੰ ਵੀ ਰਿਹਾ ਕਰਵਾ ਦਿੰਦਾ ਹੈ। ਅਜਿਹਾ ਕੁਝ ਪੈਂਤਰਾ ਇਹ ਖੁਦ ਵੀ ਲਾਉਂਦਾ ਹੈ ਜੇਲ ਤੋਂ ਬਾਹਰ ਨਿੱਕਲਣ ਲਈ ਅਤੇ ਨਿਕਲਦੇ ਹੀ ਸਿੱਧਾ ਆਪਣੇ ਪਰਿਵਾਰ ਦੀ ਤਲਾਸ਼ ਕਰਦਾ ਹੈ।

ਗੁਰਜੰਟ ਨੂੰ ਪਤਾ ਲੱਗਦਾ ਹੈ ਕਿ ਉਸਦੇ ਪਿਤਾ ਜੋ ਉਸਨੂੰ ਟਾਈਗਰ ਬੁਲਾਉਂਦੇ ਸਨ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਅਤੇ ਉਸਦੀ ਮਾਂ ਅਤੇ ਭੈਣ ਇਕੱਲੀਆਂ ਰਹਿ ਰਹੀਆਂ ਹਨ। ਦਰਸਲ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਮਾਫੀਆ ਨੇ ਛੋਟੇ ਹੁੰਦਿਆਂ ਗੁਰਜੰਟ ਨੂੰ ਨਸ਼ੇ ਦੇ ਝੂਠੇ ਕੇਸ ਵਿੱਚ ਅੰਦਰ ਕਰਵਾ ਦਿੱਤਾ ਸੀ। ਹੁਣ ਗੁਰਜੰਟ ਦਾ ਸਿਰਫ ਇੱਕੋ ਮਕਸਦ ਹੈ ਆਪਣਾ ਬਦਲਾ ਲੈਣਾ, ਇਹ ਉਹ ਕਿਵੇਂ ਲੈਂਦਾ ਹੈ, ਇਹੀ ਹੈ ਫਿਲਮ ਦਾ ਪਲੌਟ।

ਕਹਾਣੀ ਪੰਜਾਬੀ ਸਿਨੇਮਾ ਲਈ ਨਵੀਂ ਹੈ ਅਤੇ ਇਸਦਾ ਟ੍ਰੀਟਮੈਂਟ ਵੀ। ਹਾਲਾਂਕਿ ਬਾਲੀਵੁੱਡ ਵਿੱਚ ਅਜਿਹਾ ਅਸੀਂ ਬਹੁਤ ਪਹਿਲਾਂ ਵੇਖ ਚੁਕੇ ਹਾਂ। ਫਿਲਮ ਦੇ ਪਲੌਟ ਵਿੱਚ ਨਸ਼ਿਆਂ ਨੂੰ ਜੋੜ ਕੇ ਕਹਾਣੀ ਨੂੰ ਵਜ਼ਨ ਵੀ ਦਿੱਤਾ ਗਿਆ ਹੈ। ਸਕ੍ਰੀਨਪਲੇ ਪੇਸੀ ਅਤੇ ਗ੍ਰਿਪਿੰਗ ਹੈ ਅਤੇ ਕਿਰਦਾਰ ਵੀ ਦਿਲਚਸਪ ਲਿਖੇ ਗਏ ਹਨ। ਹਾਲਾਂਕਿ ਲੰਮੇ ਡਾਏਲੌਗਸ ਇੱਕ ਰੋੜਾ ਬਣਦੇ ਹਨ।

ਪਰਫੌਰਮੰਸਿਸ ਵਿੱਚ ਸਿੱਪੀ ਗਿੱਲ ਮੁੱਖ ਕਿਰਦਾਰ ਨਿਭਾ ਰਹੇ ਹਨ। ਉਹਨਾਂ ਨੇ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕੁਝ ਸੀਨਸ ਵਿੱਚ ਨਜ਼ਰ ਆਉਂਦਾ ਹੈ। ਪਰ ਕਿਤੇ ਕਿਤੇ ਸਾਫ ਕੈਮਰਾ ਅੱਗੇ ਉਹਨਾਂ ਦੀਆਂ ਕਮੀਆਂ ਝਲਕ ਦੀਆਂ ਹਨ। ਆਪਣੀ ਅਦਾਕਾਰੀ 'ਤੇ ਹਜੇ ਉਹਨਾਂ ਨੂੰ ਹੋਰ ਕੰਮ ਕਰਨਾ ਪਵੇਗਾ। ਅਦਾਕਾਰਾ ਇਹਾਨਾ ਢਿੱਲੋਂ ਨੇ ਵੀ ਕੋਸ਼ਿਸ਼ ਚੰਗੀ ਕੀਤੀ ਹੈ ਪਰ ਹਜੇ ਮੰਜ਼ਿਲ ਦੂਰ ਹੈ। ਹਾਲਾਂਕਿ ਉਹਨਾਂ ਦੇ ਕਿਰਦਾਰ ਵਿੱਚ ਜ਼ਿਆਦਾ ਸਕੋਪ ਸੀ। ਯਸ਼ਪਾਲ ਸ਼ਰਮਾ ਨੇ ਵਧੀਆ ਅਦਾਕਾਰੀ ਕੀਤੀ ਹੈ, ਯੋਗਰਾਜ ਸਿੰਘ ਵੀ ਕਾਫੀ ਫਰੈਸ਼ ਲੱਗ ਰਹੇ ਹਨ। ਇਸ ਤੋਂ ਇਲਾਵਾ ਸਪੋਰਟਿੰਗ ਕਿਰਦਾਰ ਕਰ ਰਹੇ ਨਵੇਂ ਅਦਾਕਾਰਾਂ ਦਾ ਵੀ ਕੰਮ ਵਧੀਆ ਹੈ।

ਫਿਲਮ ਪੰਜਾਬ ਵਿੱਚ ਹੀ ਸ਼ੂਟ ਹੋਈ ਹੈ ਅਤੇ ਇਸਨੂੰ ਉਹਨਾਂ ਥਾਵਾਂ 'ਤੇ ਹੀ ਸ਼ੂਟ ਕੀਤਾ ਗਿਆ ਹੈ ਜੋ ਕਹਾਣੀ ਦੀ ਮੰਗ ਸੀ। ਪਰ ਫਿਲਮ ਦੀ ਸਿਨੇਮਟੌਗ੍ਰਫੀ ਬੇਹਦ ਕਮਜ਼ੋਰ ਹੈ। ਸੰਗੀਤ ਫਿਲਮ ਦਾ ਵਧੀਆ ਹੈ ਪਰ ਘਟਾਇਆ ਜਾ ਸਕਦਾ ਸੀ। ਹਰ ਸੀਚੁਏਸ਼ਨ ਲਈ ਇੱਕ ਗੀਤ ਹੋਵੇ, ਇਹ ਜ਼ਰੂਰੀ ਨਹੀਂ ਹੁੰਦਾ। ਬੈਕਗਾਉਂਡ ਸਕੋਰ ਐਪਟ ਹੈ ਪਰ ਫਿਲਮ ਤਕਨੀਕੀ ਪੱਖੋਂ ਕਮਜ਼ੋਰ ਹੈ।

ਸਰਤਾਜ ਸਿੰਘ ਪੰਨੂ ਨੇ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਵਿੱਚ ਆਪਣਾ ਡੈਬਿਊ ਕੀਤਾ ਹੈ। ਜੇ ਪੂਰੀ ਤਰ੍ਹਾਂ ਕਾਮਯਾਬ ਨਹੀਂ ਤਾਂ ਉਹ ਪ੍ਰੌਮੀਸਿੰਗ ਤਾਂ ਹੈਂ ਹੀ ਨੇ। ਫਿਲਮ ਨੂੰ ਸਹੀ ਤਰ੍ਹਾਂ ਜੋੜਣ ਵਿੱਚ ਅਤੇ ਕਿਰਦਾਰਾਂ ਨੂੰ ਵੱਖਰੇ ਤੌਰ 'ਤੇ ਪੇਸ਼ ਕਰਨ ਵਿੱਚ ਉਹ ਕਾਮਯਾਬ ਰਹੇ ਹਨ। ਜੇ ਉਹ ਹੋਰ ਫਰੈਸ਼ ਕੌਨਸੈਪਟਸ ਨਾਲ ਅੱਗੇ ਆਉਣ, ਤਾਂ ਜ਼ਰੂਰ ਕੁਝ ਵਧੀਆ ਕਰ ਸਕਦੇ ਹਨ। 'ਟਾਈਗਰ' ਉਹਨਾਂ ਪੰਜਾਬੀ ਫਿਲਮਾਂ ਚੋਂ ਹੈ ਜਿਸ ਵਿੱਚ ਕਹਾਣੀ ਹੈ ਪਰ ਕੁਝ ਹੋਰ ਪੌਲੀਸ਼ਿੰਗ ਦੀ ਲੋੜ ਹੈ।