Sanjay Dutt: ਬਾਲੀਵੁੱਡ ਇੰਡਸਟਰੀ ਵਿੱਚ ਕਈ ਅਦਾਕਾਰ ਅਜਿਹੇ ਹਨ ਜਿਨ੍ਹਾਂ ਦਾ ਕਰੀਅਰ ਨਸ਼ੇ ਦੀ ਬੁਰੀ ਆਦਤ ਕਾਰਨ ਬਰਬਾਦ ਹੋ ਗਿਆ। ਹਾਲਾਂਕਿ ਕਈਆਂ ਨੇ ਇਸ ਬੁਰੀ ਆਦਤ ਨੂੰ ਅਲਵਿਦਾ ਕਹਿ ਇੰਡਸਟਰੀ ਵਿੱਚ ਖੂਬ ਨਾਂਅ ਕਮਾਇਆ। ਉਨ੍ਹਾਂ ਵਿੱਚੋਂ ਇੱਕ ਸੰਜੇ ਦੱਸ ਹਨ। ਉਨ੍ਹਾਂ ਆਪਣੀ ਅਦਾਕਾਰੀ ਅਤੇ ਸਟਾਇਲ ਦੇ ਦਮ ਤੇ ਦੁਨੀਆ ਭਰ ਵਿੱਚ ਖੂਬ ਨਾਂਅ ਕਮਾਇਆ ਹੈ। ਪਰ ਇੱਕ ਸਮਾਂ ਅਜਿਹਾ ਸੀ ਜਦੋਂ ਉਹ ਨਸ਼ੇ ਵਿੱਚ ਪੂਰੀ ਤਰ੍ਹਾਂ ਡੁੱਬ ਗਏ ਸੀ। ਅੱਜ ਅਸੀ ਤੁਹਾਨੂੰ ਉਨ੍ਹਾਂ ਨਾਲ ਜੁੜੇ ਅਜਿਹੇ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ। 


ਅਦਾਕਾਰ ਅਕਸਰ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਅਦਾਕਾਰ ਦੇ ਲੱਖਾਂ ਪ੍ਰਸ਼ੰਸਕ ਹਨ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਨਸ਼ੇ ਦੀ ਲਤ ਕਾਰਨ ਉਨ੍ਹਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੋਵੇਂ ਖਤਰੇ ਵਿੱਚ ਸਨ। ਹਾਲ ਹੀ 'ਚ ਸੰਜੇ ਦੱਤ ਦੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਉਸ ਯਾਤਰਾ ਨਾਲ ਜੁੜੀ ਇਕ ਘਟਨਾ ਬਿਆਨ ਕਰ ਰਹੇ ਹਨ, ਜਦੋਂ ਉਹ ਡਰੱਗਜ਼ ਲੈਂਦੇ ਸਨ ਅਤੇ ਇਕ ਵਾਰ ਜਦੋਂ ਉਹ ਲਗਾਤਾਰ ਦੋ ਦਿਨ ਨਸ਼ੇ ਦੇ ਕਾਰਨ ਸੌਂਦੇ ਰਹੇ।  



ਸੰਜੇ ਦੱਤ ਨਸ਼ੇ ਦੇ ਪ੍ਰਭਾਵ ਵਿੱਚ ਦੋ ਦਿਨ ਤੱਕ ਸੌਂਦੇ ਰਹੇ


ਸਲਮਾਨ ਖਾਨ ਦੇ ਸ਼ੋਅ 'ਦਸ ਕਾ ਦਮ' ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਲਮਾਨ ਖਾਨ ਦੇ ਨਾਲ ਸੰਜੇ ਦੱਤ ਅਤੇ ਜੈਕੀ ਸ਼ਰਾਫ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਸੰਜੇ ਨੇ ਆਪਣੀ ਜ਼ਿੰਦਗੀ ਨਾਲ ਜੁੜੀ ਇੱਕ ਘਟਨਾ ਦੱਸੀ। ਸੰਜੇ ਦਾ ਕਹਿਣਾ ਹੈ ਕਿ ਅਸਲ ਵਿੱਚ ਉਸ ਦੀ ਨਸ਼ੇ ਦੀ ਲਤ ਇਸ ਹੱਦ ਤੱਕ ਵਧ ਗਈ ਸੀ ਕਿ ਉਨ੍ਹਾਂ ਨੇ ਇੱਕ ਵਾਰ ਨਸ਼ੇ ਦਾ ਅਜਿਹਾ ਮਿਸ਼ਰਣ ਪੀ ਲਿਆ ਕਿ ਉਹ ਦੋ ਦਿਨ ਲਗਾਤਾਰ ਸੌਂਦੇ ਰਹੇ। ਨੌਕਰ ਉਸਦੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ।


ਸੰਜੇ ਦੱਤ ਦੀ ਹਾਲਤ ਦੇਖ ਕੇ ਨੌਕਰ ਡਰ ਗਿਆ


ਸੰਜੇ ਦੱਤ ਨੇ ਅੱਗੇ ਦੱਸਿਆ ਕਿ ਜਦੋਂ ਮੈਂ ਸਵੇਰੇ 7-8 ਵਜੇ ਉੱਠਿਆ ਤਾਂ ਮੈਂ ਆਪਣੇ ਘਰ ਦੇ ਇੱਕ ਨੌਕਰ ਨੂੰ ਫ਼ੋਨ ਕੀਤਾ, ਜੋ ਸਾਲਾਂ ਤੋਂ ਘਰ ਵਿੱਚ ਕੰਮ ਕਰ ਰਿਹਾ ਸੀ। ਮੈਂ ਉਸਨੂੰ ਕਿਹਾ ਕਿ ਮੈਨੂੰ ਕੁਝ ਖਾਣ ਲਈ ਦਿਓ, ਮੈਨੂੰ ਬਹੁਤ ਭੁੱਖ ਲੱਗੀ ਸੀ। ਸੰਜੇ ਨੇ ਅੱਗੇ ਦੱਸਿਆ ਕਿ ਮੇਰੀ ਗੱਲ ਸੁਣ ਕੇ ਨੌਕਰ ਰੋਣ ਲੱਗਾ। ਜਦੋਂ ਮੈਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਅੱਜ ਦੋ ਦਿਨਾਂ ਬਾਅਦ ਤੁਸੀਂ ਬੋਲ ਕੇ ਖਾਣਾ ਮੰਗਿਆ ਹੈ। ਤੁਸੀਂ ਦੋ ਦਿਨ ਸੌਂ ਰਹੇ ਸੀ ਅਤੇ ਜਦੋਂ ਸਾਰਿਆਂ ਨੇ ਤੁਹਾਨੂੰ ਜਗਾਇਆ ਤਾਂ ਵੀ ਨਹੀਂ ਜਾਗੇ। ਜਿਸ ਕਾਰਨ ਹਰ ਕੋਈ ਘਬਰਾ ਗਿਆ।


ਖੁਦ ਨੂੰ ਸ਼ੀਸ਼ੇ 'ਚ ਦੇਖ ਕੇ ਚਿਲਾਉਣ ਲੱਗੇ ਸੰਜੇ ਦੱਤ 


ਸੰਜੇ ਦੱਤ ਨੇ ਜਦੋਂ ਇਹ ਗੱਲ ਸੁਣੀ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਉਨ੍ਹਾਂ ਨੇ ਖੁਦ ਨੂੰ ਸ਼ੀਸ਼ੇ 'ਚ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਲਗਾਤਾਰ ਸੌਣ ਕਾਰਨ ਉਨ੍ਹਾਂ ਦਾ ਚਿਹਰਾ, ਅੱਖਾਂ ਅਤੇ ਸਰੀਰ ਸੁੱਜ ਗਿਆ ਸੀ ਅਤੇ ਖੁਦ ਨੂੰ ਅਜਿਹੀ ਹਾਲਤ 'ਚ ਦੇਖ ਕੇ ਸੰਜੇ ਦੱਤ ਨੂੰ ਲੱਗਾ ਕਿ ਉਨ੍ਹਾਂ ਨੂੰ ਕੁਝ ਹੋ ਗਿਆ ਹੈ। ਘਬਰਾ ਕੇ ਉਹ ਆਪਣੇ ਪਿਤਾ ਦੇ ਕਮਰੇ ਵਿੱਚ ਗਏ, ਆਪਣੇ ਪਿਤਾ ਨੂੰ ਜੱਫੀ ਪਾ ਕੇ ਭੁੱਬਾਂ ਮਾਰ ਕੇ ਰੋਣ ਲੱਗੇ, "ਮੈਨੂੰ ਬਚਾਓ, ਮੈਨੂੰ ਬਚਾ ਲਓ।" ਸੰਜੇ ਦੱਤ ਨੇ ਅੱਗੇ ਕਿਹਾ ਕਿ ਉਸ ਤੋਂ ਬਾਅਦ ਮੈਂ ਡਰਗਸ ਆਦਿ ਦਾ ਨਸ਼ਾ ਪੂਰੀ ਤਰ੍ਹਾਂ ਛੱਡ ਦਿੱਤਾ। ਹੁਣ ਤਾਂ ਬੱਸ ਜ਼ਿੰਦਗੀ ਦਾ ਨਸ਼ਾ ਹੀ ਕਰ ਰਿਹਾ ਹਾਂ।