ਅਮੈਲੀਆ ਪੰਜਾਬੀ ਦੀ ਰਿਪੋਰਟ


ਚੰਡੀਗੜ੍ਹ: ਗਿੱਪੀ ਗਰੇਵਾਲ ਇੰਨੀਂ ਦਿਨੀਂ ਲਾਈਮਲਾਈਟ `ਚ ਬਣੇ ਹੋਏ ਹਨ। ਬੀਤੇ ਦਿਨ ਯਾਨਿ 2 ਸਤੰਬਰ ਨੂੰ ਗਿੱਪੀ ਗਰੇਵਾਲ ਦੀ ਫ਼ਿਲਮ `ਯਾਰ ਮੇਰਾ ਤਿਤਲੀਆਂ ਵਰਗਾ` ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ `ਚ ਫ਼ਿਲਮ ਦੇ ਸਾਰੇ ਹੀ ਸ਼ੋਅ ਹਾਊਸਫੁੱਲ ਚੱਲ ਰਹੇ ਹਨ। ਗਿੱਪੀ ਗਰੇਵਾਲ ਨੇ ਫ਼ਿਲਮ ਦੇ ਪ੍ਰਮੋਸ਼ਨ `ਚ ਕੋਈ ਕਸਰ ਨਹੀਂ ਛੱਡੀ ਹੈ। 


ਮੁੰਬਈ `ਚ ਵੀ ਫ਼ਿਲਮ ਹੋਈ ਰਿਲੀਜ਼
ਜਿਵੇਂ ਕਿ ਸਭ ਜਾਣਦੇ ਹਨ ਕਿ ਪੰਜਾਬੀ ਫ਼ਿਲਮਾਂ ਤੇ ਗਾਣਿਆਂ ਦਾ ਜਾਦੂ ਪੂਰੀ ਦੁਨੀਆ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਸੇ ਨੂੰ ਦੇਖਦੇ ਹੋਏ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਟੀਮ ਨੇ ਫ਼ਿਲਮ ਦਾ ਪ੍ਰਮੋਸ਼ਨ ਮੁੰਬਈ `ਚ ਵੀ ਕੀਤਾ। `ਯਾਰ ਮੇਰਾ ਤਿਤਲੀਆਂ ਵਰਗਾ ਫ਼ਿਲਮ ਮੁੰਬਈ `ਚ ਵੀ ਰਿਲੀਜ਼ ਹੋ ਚੁੱਕੀ ਹੈ।






ਗਿੱਪੀ ਗਰੇਵਾਲ ਨੇ ਮਸ਼ਹੂਰ ਫ਼ਿਲਮ ਕ੍ਰਿਟਿਕ ਕੋਮਲ ਨਹਾਟਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਫ਼ਿਲਮ ਨੂੰ ਹਿੱਟ ਕਰਨ `ਚ ਜੋ ਚੀਜ਼ ਸਭ ਤੋਂ ਅਹਿਮ ਹੈ ਉਹ ਹੈ ਉਸ ਦਾ ਪ੍ਰਚਾਰ। ਪ੍ਰਚਾਰ ਹੀ ਤੈਅ ਕਰਦਾ ਹੈ ਕਿ ਫ਼ਿਲਮ ਦਾ ਕਿੰਨਾ ਪ੍ਰਸਾਰ ਹੋਵੇਗਾ। ਇਸ ਦੇ ਨਾਲ ਹੀ ਗਿੱਪੀ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਕਿ ਸਾਊਥ ਸਿਨੇਮਾ ਦੀ ਸੁਪਰਹਿੱਟ ਫ਼ਿਲਮ `ਆਰਆਰਆਰ` ਦੀ ਟੀਮ ਨੇ ਪੰਜਾਬ `ਚ ਵੀ ਫ਼ਿਲਮ ਨੂੰ ਪ੍ਰਮੋਟ ਕੀਤਾ। ਇਹੀ ਨਹੀਂ ਫ਼ਿਲਮ ਦਾ ਪ੍ਰਚਾਰ ਪੂਰੇ ਉੱਤਰ ਭਾਰਤ ਵਿੱਚ ਹੋਇਆ। ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਕਿ ਫ਼ਿਲਮ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿਤਾ। ਇਸ `ਚ ਕੋਈ ਸ਼ੱਕ ਨਹੀਂ ਕਿ ਫ਼ਿਲਮ ਦੀ ਬੇਹਤਰੀਨ ਕਹਾਣੀ ਕਰਕੇ ਫ਼ਿਲਮ ਚੱਲੀ, ਪਰ ਪ੍ਰਮੋਸ਼ਨ ਵੀ ਬਹੁਤ ਵੱਡਾ ਰੋਲ ਨਿਭਾਉਂਦੀ ਹੈ।


ਕੈਰੀ ਆਨ ਜੱਟਾ 3 ਨਾਲ ਪੰਜਾਬੀ ਸਿਨੇਮਾ ਭਰੇਗਾ ਨਵੀਂ ਉਡਾਣ
ਗਿੱਪੀ ਗਰੇਵਾਲ ਨੇ ਇੰਟਰਵਿਊ `ਚ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਕੈਰੀ ਆਨ ਜੱਟਾ (2012) ਤੇ ਕੈਰੀ ਆਨ ਜੱਟਾ 2 (2018) ਨੂੰ ਕਿੰਨਾ ਵਧੀਆ ਰਿਸਪੌਂਸ ਮਿਲਿਆ। ਇਹ ਫ਼ਿਲਮ ਪੂਰੇ ਭਾਰਤ `ਚ ਪਸੰਦ ਕੀਤੀ ਗਈ। ਇਹੀ ਨਹੀਂ ਸਾਊਥ ਸਿਨੇਮਾ `ਚ ਤਾਂ ਫ਼ਿਲਮ ਦੇ 3 ਰੀਮੇਕ ਵੀ ਬਣ ਚੁੱਕੇ ਹਨ। ਇਸ ਤੇ ਬੋਲਦਿਆਂ ਗਿੱਪੀ ਗਰੇਵਾਲ ਨੇ ਕਿਹਾ ਕਿ "ਕੈਰੀ ਆਨ ਜੱਟਾ ਇੱਕ ਵੱਡੀ ਫ਼ਰੈਂਚਾਈਜ਼ੀ ਹੈ। ਮੈਂ ਸਮਝਦਾ ਹਾਂ ਕਿ ਇਸ ਨੂੰ ਦਰਸ਼ਕਾਂ ਦਾ ਬੇਸ਼ੁਮਾਰ ਪਿਆਰ ਮਿਲਿਆ ਤਾਂ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਫ਼ਿਲਮ (ਕੈਰੀ ਆਨ ਜੱਟਾ 3) ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਈਏ। ਇਸ ਲਈ ਕੈਰੀ ਆਨ ਜੱਟਾ 3 ਨੂੰ ਹਿੰਦੀ, ਤਾਮਿਲ, ਤੇਲਗੂ ਤੇ ਹੋਰ ਸਾਊਥ ਦੀਆਂ ਭਾਸ਼ਾਵਾਂ `ਚ ਵੀ ਡੱਬ ਕੀਤਾ ਜਾਵੇਗਾ।




ਦਸ ਦਈਏ ਕਿ ਗਿੱਪੀ ਗਰੇਵਾਲ ਨੇ ਮਾਰਚ ਮਹੀਨੇ `ਚ ਐਲਾਨ ਕੀਤਾ ਸੀ ਕਿ `ਕੈਰੀ ਆਨ ਜੱਟਾ 3` 2023 `ਚ ਰਿਲੀਜ਼ ਹੋਵੇਗੀ। ਗਿੱਪੀ ਗਰੇਵਾਲ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਅਕਤੂਬਰ ਮਹੀਨੇ `ਚ ਸ਼ੁਰੂ ਹੋਵੇਗੀ। ਇਹ ਫ਼ਿਲਮ 29 ਜੂਨ 2023 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ `ਚ ਰਿਲੀਜ਼ ਹੋਵੇਗੀ।