ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਦਾ ਸਿਨੇਮਾ ਜਗਤ 'ਤੇ ਵੀ ਵੱਡਾ ਪ੍ਰਭਾਵ ਪਿਆ। ਅਜਿਹੇ 'ਚ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਜੂਨ ਮਹੀਨੇ 'ਚ ਕੋਰੋਨਾ ਦੀ ਸਥਿਤੀ ਦੇਖਣ ਮਗਰੋਂ ਸਿਨੇਮਾਘਰਾਂ ਨੂੰ ਖੋਲ੍ਹਣ 'ਤੇ ਵਿਚਾਰ ਕੀਤਾ ਜਾਵੇਗਾ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਮੰਤਰੀ ਨੇ ਇਹ ਗੱਲ ਵੀਡੀਓ ਕਾਨਫਰੰਸਿੰਗ ਦੌਰਾਨ ਕਹੀ ਐਸੋਸੀਏਸ਼ਨ ਆਫ਼ ਫ਼ਿਲਮ ਪ੍ਰੋਡਿਊਸਰਸ, ਸਿਨੇਮਾ ਐਗਜਡੀਬਿਟਰਸ ਐਂਡ ਫ਼ਿਲਮ ਇੰਡਸਟਰੀ ਦੇ ਪ੍ਰਤੀਨਿਧੀਆਂ ਨੂੰ ਕਹੀ ਹੈ।


ਇਹ ਬੈਠਕ ਕੋਵਿਡ-19 ਦੇ ਚੱਲਦਿਆਂ ਫ਼ਿਲਮ ਉਦਯੋਗ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਚਰਚਾ ਕਰਨ ਲਈ ਕੀਤੀ ਗਈ ਸੀ। ਸਿਨੇਮਾਘਰਾਂ ਨੂੰ ਖੋਲ੍ਹਣ ਦੀ ਮੰਗ 'ਤੇ ਮੰਤਰੀ ਨੇ ਕਿਹਾ ਕਿ ਇਸ ਬਾਰੇ ਚ ਜੂਨ ਮਹੀਨੇ ਮਹਾਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵਿਚਾਰ ਕੀਤਾ ਜਾਵੇਗਾ।


ਫ਼ਿਲਮਾਂ/ਸੀਰੀਅਲ ਸ਼ੁਰੂ ਕਰਨ ਦੇ ਮੁੱਦੇ 'ਤੇ ਜਾਵੜੇਕਰ ਨੇ ਕਿਹਾ ਕਿ ਸਰਕਾਰ ਵੱਲੋਂ ਮਾਨਕ ਸੰਚਾਲਨ ਪ੍ਰਕਿਰਿਆ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਫ਼ਿਲਮ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਦੀ ਸ਼ਲਾਘਾ ਕੀਤੀ ਕਿ ਭਾਰਤ 'ਚ ਇਕੱਲੇ ਸਿਨੇਮਾ ਦੀਆਂ ਟਿਕਟਾਂ ਦੀ ਵਿਕਰੀ ਤੋਂ ਰੋਜ਼ਾਨਾ ਕਰੀਬ 30 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ।


ਮਾਰਚ ਤੋਂ ਜਾਰੀ ਲੌਕਡਾਊਨ ਕਾਰਨ ਜਿੱਥੇ ਹਰ ਤਰ੍ਹਾਂ ਦੀ ਸ਼ੂਟਿੰਗ ਬੰਦ ਹੈ ਉੱਥੇ ਹੀ ਸਿਨੇਮਾਘਰਾਂ ਨੂੰ ਵੀ ਤਾਲੇ ਵੱਜੇ ਹਨ। ਇਸ ਦੇ ਨਾਲ ਹੀ ਜਿੰਨ੍ਹਾਂ ਫ਼ਿਲਮਾਂ ਦੀ ਰਿਲੀਜ਼ ਡੇਟ ਲੌਕਡਾਊਨ ਦੌਰਾਨ ਆਈ ਉਨ੍ਹਾਂ ਦੀ ਰਿਲੀਜ਼ ਜਾਂ ਤਾਂ ਟਾਲ ਦਿੱਤੀ ਗਈ ਜਾਂ ਸਿੱਧਾ ਓਟੀਟੀ ਪਲੇਟਫਾਰਮ 'ਤੇ ਹੀ ਰਿਲੀਜ਼ ਕਰ ਦਿੱਤੀ ਗਈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ