ਅਮੈਲੀਆ ਪੰਜਾਬੀ ਦੀ ਰਿਪੋਰਟ


Sidhu Moose Wala New Song Chorni Controversy: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਚੋਰਨੀ' ਬੀਤੇ ਦਿਨ ਯਾਨਿ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ ਹੈ। ਇਸ ਗਾਣੇ 'ਚ ਮੂਸੇਵਾਲਾ ਤੇ ਰੈਪਰ ਡਿਵਾਈਨ ਦੀ ਕੋਲੈਬੋਰੇਸ਼ਨ ਦੇਖਣ ਨੂੰ ਮਿਲੀ। ਗੀਤ ਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰ ਹੁਣ ਗੀਤ ਨੂੰ ਲੈਕੇ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ। 


ਜੀ ਹਾਂ, ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਚੋਰਨੀ' ਵਿਵਾਦਾਂ 'ਚ ਹੈ। ਇਹੀ ਨਹੀਂ ਗੀਤ ਨੂੰ ਲੈਕੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਹੈ। ਪ੍ਰੋਫੈਸਰ ਐਮਪੀ ਸਿੰਘ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਇਸ ਗੀਤ 'ਚ ਅਸਲੇ, ਏਕੇ 47, ਗੋਲੀਆਂ, ਜੇਲ੍ਹ, ਗੈਂਗ ਤੇ ਪਰਚਿਆਂ ਨੂੰ ਲੈਕੇ ਬੋਲ ਹਨ, ਜੋ ਕਿ ਬੇਹੱਦ ਭੜਕਾਊ ਅਤੇ ਇਤਰਾਜ਼ਯੋਗ ਹਨ। 


ਗੀਤ ਦੇ ਬੋਲਾਂ 'ਚ ਇਨ੍ਹਾਂ ਸ਼ਬਦਾਂ ਨੂੰ ਇੰਜ ਬੋਲਿਆ ਗਿਆ ਹੈ, ਜਿਵੇਂ ਕਿ ਇਹ ਕੋਈ ਮਾਣ ਵਾਲੀ ਗੱਲ ਹੋਵੇ। ਇਹੀ ਨਹੀਂ ਪ੍ਰੋਫੈਸਰ ਨੇ ਇਸ ਗਾਣੇ ਨੂੰ ਯੂਟਿਊਬ ਚੈਨਲ ਤੋਂ ਹਟਾਉਣ ਦੀ ਮੰਗ ਤੱਕ ਕਰ ਦਿੱਤੀ ਹੈ। 


ਕਾਬਿਲੇਗ਼ੌਰ ਹੈ ਕਿ ਡਿਵਾਈਨ ਨੇ ਸਿੱਧੂ ਮੂਸੇਵਾਲਾ ਨਾਲ 'ਚੋਰਨੀ' ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਰਿਲੀਜ਼ ਦੇ ਐਲਾਨ ਤੋਂ ਬਾਅਦ ਹੀ ਡਿਵਾਈਨ ਤੇ ਇਹ ਗਾਣਾ ਕਾਫੀ ਚਰਚਾ ;ਚ ਸੀ। ਪ੍ਰਸ਼ੰਸਕ ਮੂਸੇਵਾਲਾ ਦੇ ਇਸ ਨਵੇਂ ਗਾਣੇ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਸੀ। ਪਰ ਰਿਲੀਜ਼ ਹੁੰਦਿਆਂ ਹੀ ਗੀਤ ਨੂੰ ਲੈਕੇ ਵਿਵਾਦ ਹੋਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਨਿਰਾਸ਼ ਹੋ ਗਏ ਹਨ। 


ਕਾਬਿਲੇਗ਼ੌਰ ਹੈ ਕਿ ਸਿੱਧੂ ਮੁਸੇਵਾਲਾ ਨੇ ਆਪਣੇ 5 ਸਾਲ ਦੇ ਛੋਟੇ ਜਿਹੇ ਕਰੀਅਰ 'ਚ ਕਾਫੀ ਵੱਡਾ ਨਾਮ ਕਮਾਇਆ ਸੀ। ਉਸ ਦੇ ਗਾਣੇ ਅਕਸਰ ਵਿਵਾਦਾਂ 'ਚ ਹੀ ਰਹਿੰਦੇ ਹਨ। ੳੇੁਸ ਦੇ ਗਾਣੇ 'ਸੰਜੂ' ਕਰਕੇ ਉਸ 'ਤੇ ਪਰਚਾ ਵੀ ਦਰਜ ਹੋਇਆ ਸੀ। ਸਿੱਧੂ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।