ਮੁੰਬਈ: 70 ਤੇ 80 ਦੇ ਦਹਾਕੇ ਦੇ ਹੀਰੋ ਤੇ ਰਾਜ ਕਪੂਰ ਦੇ ਵੱਡੇ ਬੇਟੇ ਰਣਧੀਰ ਕਪੂਰ ਵੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਇਸ ਸਮੇਂ ਮੁੰਬਈ ਦੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਏਬੀਪੀ ਨਿਊਜ਼ ਨੂੰ ਇਕ ਭਰੋਸੇਯੋਗ ਸੂਤਰ ਤੋਂ ਜਾਣਕਾਰੀ ਮਿਲੀ ਹੈ ਕਿ ਬੁੱਧਵਾਰ ਦੀ ਸ਼ਾਮ ਸਿਹਤ ਠੀਕ ਨਾ ਹੋਣ ਕਾਰਨ ਰਣਧੀਰ ਕਪੂਰ ਨੂੰ ਮੁੰਬਈ ਦੇ ਅੰਧੇਰੀ ਸਥਿਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੇ ਤਮਾਮ ਟੈਸਟ ਕੀਤੇ ਗਏ ਤੇ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ।
ਸੂਤਰ ਨੇ ਦੱਸਿਆ ਕਿ ਅੱਜ ਸਵੇਰ ਰਣਧੀਰ ਕਪੂਰ ਦਾ ਕੋਰੋਨਾ ਟੌਸਟ ਪੌਜ਼ੇਟਿਵ ਆਇਆ ਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖਭਾਲ 'ਚ ਲੱਗੀ ਹੋਈ ਹੈ। ਏਬੀਪੀ ਨਿਊਜ਼ ਨੂੰ ਇਸ ਗੱਲ ਦੀ ਜਾਣਕਾਰੀ ਵੀ ਮਿਲੀ ਹੈ ਕਿ ਰਣਧੀਰ ਕਪੂਰ ਗੰਭੀਰ ਕਿਸਮ ਦੇ ਡਾਇਬਟੀਜ਼ ਤੇ ਹੋਰ ਬਿਮਾਰੀਆਂ ਨਾਲ ਵੀ ਪੀੜਤ ਹਨ। ਅਜਿਹੇ 'ਚ ਵੀਆਈਪੀ ਵਾਰਡ 'ਚ ਭਰਤੀ ਰਣਧੀਰ ਦੀ ਡਾਕਟਰਾਂ ਵੱਲੋਂ ਖਾਸ ਤੌਰ 'ਤੇ ਦੇਖਭਾਲ ਕੀਤੀ ਜਾ ਰਹੀ ਹੈ।
ਹਸਤਪਾਲ ਦੇ ਸੀਈਓ ਤੇ ਕਾਰਜਕਾਰੀ ਨਿਰਦੇਸ਼ਕ ਡਾ.ਸੰਤੋਸ਼ ਸ਼ੈਟੀ ਵੱਲੋਂ ਜਾਰੀ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਦਿੱਗਜ਼ ਅਦਾਕਾਰਾ ਰਣਧੀਰ ਕਪੂਰ ਨੂੰ ਕੋਵਿਡ-19 ਦੇ ਇਲਾਜ ਲਈ ਕੱਲ੍ਹ ਰਾਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ।
ਜ਼ਿਕਰਯੋਗ ਹੈ ਕਿ ਰਣਧੀਰ ਕਪੂਰ ਦੇ ਭਰਾ ਰਿਸ਼ੀ ਕਪੂਰ ਦੀ ਪਿਛਲੇ ਸਾਲ 30 ਅਪ੍ਰੈਲ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਕੈਂਸਰ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਰਾਜੀਵ ਕਪੂਰ ਨੇ ਇਸ ਸਾਲ 9 ਫਰਵਰੀ ਨੂੰ ਆਪਣੇ ਘਰ 'ਚ ਦਿਲ ਦਾ ਦੌਰਾ ਪੈਣ ਕਾਰਨ ਆਖਰੀ ਸਾਹ ਲਏ।
ਰਣਧੀਰ ਕਪੂਰ ਨੇ 50 ਦੇ ਦਹਾਕੇ 'ਚ ਸ੍ਰੀ 420 ਫ਼ਿਲਮ 'ਚ ਇਕ ਬਾਲ ਕਲਾਕਾਰ ਦੇ ਤੌਰ 'ਤੇ ਕੰਮ ਕੀਤਾ ਸੀ। ਅੱਗੇ ਚੱਲ ਕੇ 1971 'ਚ ਰਣਧੀਰ ਕਪੂਰ ਨੇ ਇਕ ਹੀਰੋ ਦੇ ਤੌਰ 'ਤੇ ਇਕ ਫ਼ਿਲਮ ਕੱਲ ਆਜ ਔਰ ਕਲ 'ਚ ਡੈਬਿਊ ਕੀਤਾ ਸੀ। ਕੱਲ ਆਜ ਔਰ ਕਲ 'ਚ ਆਪਣੇ ਪਿਤਾ ਰਾਜ ਕਪੂਰ, ਦਾਦਾ ਪ੍ਰਿਥਵੀ ਰਾਜ ਕਪੂਰ ਦੇ ਨਾਲ ਕੰਮ ਕਰਨ ਵਾਲੇ ਰਣਧੀਰ ਕਪੂਰ ਦੀ ਬਤੌਰ ਡਾਇਰੈਕਟਰ ਵੀ ਇਹ ਪਹਿਲੀ ਫ਼ਿਲਮ ਸੀ।