ਮੁਬੰਈ: ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਪੂਰੀ ਬਾਲੀਵੁੱਡ ਇੰਡਸਟਰੀ 'ਚ ਨੈਪੋਟੀਜ਼ਮ ਦਾ ਮੁੱਦਾ ਕਾਫੀ ਚਰਚਾ 'ਚ ਹੈ। ਸੁਸ਼ਾਂਤ ਦੀ ਮੌਤ ਲਈ ਬਾਲੀਵੁੱਡ ਦੇ ਕਈ ਵੱਡੇ ਨਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਲਈ ਬਿਹਾਰ ਦੀ ਅਦਾਲਤ ਵਿੱਚ ਕਈ ਪਟੀਸ਼ਨਾਂ ਵੀ ਦਾਇਰ ਕੀਤੀਆਂ ਗਈਆਂ ਸਨ। ਅੱਜ ਬਿਹਾਰ ਦੀ ਸੀਜੇਐਮ ਕੋਰਟ ਨੇ ਇਨ੍ਹਾਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ।
ਅਦਾਲਤ ਨੇ ਇਸ ਵਿਸ਼ੇ ਨੂੰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦੱਸਦਿਆਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੀਜੇਐਮ ਕੋਰਟ ਦੇ ਫੈਸਲੇ ਨਾਲ ਮੁਲਜ਼ਮ ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ, ਕਰਨ ਜੌਹਰ, ਏਕਤਾ ਕਪੂਰ ਤੇ ਅਦਾਕਾਰ ਸਲਮਾਨ ਖਾਨ, ਰੀਆ ਚੱਕਰਵਰਤੀ ਤੇ ਕ੍ਰਿਤੀ ਸਨਨ ਨੂੰ ਰਾਹਤ ਮਿਲੀ ਹੈ।
3 ਜੁਲਾਈ ਨੂੰ ਕੇਸ ਦੀ ਸੁਣਵਾਈ ਦੌਰਾਨ ਸਲਮਾਨ ਖਾਨ ਦੇ ਵਕੀਲ ਐਨਕੇ ਅਗਰਵਾਲ ਅਦਾਲਤ ਵਿੱਚ ਪੇਸ਼ ਹੋਏ ਤੇ ਵਕਾਲਤਨਾਮਾ ਦਾਇਰ ਕੀਤਾ। ਹਾਲਾਂਕਿ, ਪਟੀਸ਼ਨਰ ਨੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਸਮੀਖਿਆ ਪਟੀਸ਼ਨ ਦਾਇਰ ਕਰਨਗੇ। 17 ਜੂਨ ਨੂੰ ਐਡਵੋਕੇਟ ਸੁਧੀਰ ਓਝਾ ਨੇ ਬਾਲੀਵੁੱਡ ਫਿਲਮ ਨਿਰਮਾਤਾ ਕਰਨ ਜੌਹਰ, ਸਲਮਾਨ ਖਾਨ, ਏਕਤਾ ਕਪੂਰ, ਸੰਜੇ ਲੀਲਾ ਬੰਸਾਲੀ ਸਮੇਤ ਹੋਰ ਬਾਲੀਵੁੱਡ ਦਿੱਗਜਾਂ ਦੇ ਵਿਰੁੱਧ ਬਿਹਾਰ ਦੀ ਮੁਜ਼ੱਫਰਪੁਰ ਅਦਾਲਤ ਵਿੱਚ ਧਾਰਾ 306, 109, 504 ਤੇ 506 ਦੇ ਤਹਿਤ ਕੇਸ ਦਰਜ ਕਰਵਾਇਆ ਸੀ।