ਨਵੀਂ ਦਿੱਲੀ: ਦੀਪ ਸਿੱਧੂ ਦਾ ਨਾਂ 26 ਜਨਵਰੀ ਨੂੰ ਹੋਈ ਟ੍ਰੈਕਟਰ ਪਰੇਡ ਮਗਰੋਂ ਕਾਫੀ ਸੁਰਖੀਆਂ 'ਚ ਆਇਆ। ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਜਾਂਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਤੇ ਕ੍ਰਾਇਮ ਬ੍ਰਾਂਚ ਕਰ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਿੰਸਾ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ। ਇਸ ਘਟਨਾ 'ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਨਾਂ ਵੀ ਸਾਹਮਣੇ ਆਇਆ ਹੈ।


ਦਰਅਸਲ ਜਿਸ ਸਮੇਂ ਦਿੱਲੀ 'ਚ ਹਿੰਸਾ ਹੋ ਰਹੀ ਸੀ, ਉਸ ਸਮੇਂ ਦੀਪ ਸਿੱਧੂ ਲਾਲ ਕਿਲੇ 'ਚ ਮੌਜੂਦ ਸੀ। ਉਹ ਹਿੰਸਾ ਹੁੰਦਿਆਂ ਹੀ ਫਰਾਰ ਹੋ ਗਿਆ। ਪੁਲਿਸ ਨੇ ਦੀਪ ਸਿੱਧੂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਉਸ ਦੀ LOC ਵੀ ਖੋਲ੍ਹ ਦਿੱਤੀ ਗਈ ਪਰ ਉਹ ਹੈ ਕਿੱਥੇ ਇਸ ਬਾਬਤ ਅਜੇ ਤਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਦੀਪ ਸਿੱਧੂ ਤੇ ਜਦੋਂ ਪੁਲਿਸ ਕਮਿਸ਼ਨਰ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਹਿੰਸਾ 'ਚ ਸ਼ਾਮਲ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਦੀਪ ਸਿੱਧੂ ਦੀ ਤਲਾਸ਼ 'ਚ ਕ੍ਰਾਇਮ ਬ੍ਰਾਂਚ ਦੀਆਂ ਟੀਮਾਂ ਜੁੱਟੀਆਂ ਹੋਈਆਂ ਹਨ ਪਰ ਉਹ ਅਜੇ ਤਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਹਿੰਸਾ ਦੀ ਇਸ ਸਾਜ਼ਿਸ਼ 'ਚ ਪੰਜਾਬੀ ਸਟਾਰ ਦੀਪ ਸਿੱਧੂ ਵੀ ਅਹਿਮ ਕਿਰਦਾਰ ਮੰਨਿਆ ਜਾ ਰਿਹਾ ਹੈ ਪਰ ਦੀਪ ਸਿੱਧੂ ਕਿੱਥੇ ਹੈ ਇਹ ਕੋਈ ਨਹੀਂ ਜਾਣਦਾ। ਲਾਲ ਕਿਲ੍ਹੇ ਵਾਲੀ FIR 'ਚ ਦੀਪ ਸਿੱਧੂ ਦਾ ਨਾਂ ਬਾਅਦ 'ਚ ਸ਼ਾਮਲ ਕੀਤਾ ਗਿਆ ਪਰ ਉਹ ਕਿੱਥੇ ਅੰਡਰਗ੍ਰਾਊਂਡ ਹੈ, ਇਹ ਜਾਣਕਾਰੀ ਅਜੇ ਪੁਲਿਸ ਨੂੰ ਵੀ ਨਹੀਂ। ਦੀਪ ਸਿਧੂ ਦੇ ਦੋਵੇਂ ਫੋਨ ਬੰਦ ਹਨ। ਸੂਤਰਾਂ ਦੀ ਮੰਨੀਏ ਤਾਂ ਉਸ ਦੀ ਲੋਕੇਸ਼ਨ ਲਗਾਤਾਰ ਬਦਲ ਰਹੀ ਹੈ। ਫਿਲਹਾਲ ਕ੍ਰਾਇਮ ਬ੍ਰਾਂਚ ਦੀਆਂ ਕਈ ਟੀਮਾਂ ਪੰਜਾਬ 'ਚ ਦੀਪ ਸਿੱਧੂ ਦੀ ਤਲਾਸ਼ 'ਚ ਖਾਕ ਛਾਣ ਰਹੀਆਂ ਹਨ।

ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ

ਦੀਪ ਸਿੱਧੂ ਪੁਲਿਸ ਦੇ ਹੱਥ ਤਾਂ ਨਹੀਂ ਆ ਰਿਹਾ ਪਰ 26 ਜਨਵਰੀ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਹੈ। ਦਿੱਲੀ ਤੋਂ ਭੱਜਣ ਤੋਂ ਬਾਅਦ ਦੀਪ ਸਿੱਧੂ ਦੀ ਲੋਕੇਸ਼ਨ ਹਰਿਆਣਾ ਸੀ। ਉਸ ਤੋਂ ਬਾਅਦ ਉਸ ਦੀ ਲੋਕੇਸ਼ਨ ਪੰਜਾਬ ਹੋ ਗਈ। ਇਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਹ ਬਿਹਾਰ 'ਚ ਹੋ ਸਕਦਾ ਹੈ ਪਰ ਉਹ ਪਕੜ 'ਚ ਨਹੀਂ ਆਇਆ। ਫਿਲਹਾਲ ਕ੍ਰਾਇਮ ਬ੍ਰਾਂਚ ਦੀਆਂ ਕਈ ਟੀਮਾਂ ਉਸ ਦੀ ਤਲਾਸ਼ 'ਚ ਜੁੱਟੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ