ਮੁੰਬਈ: ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਅੱਜ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਰਿਲੀਜ਼ ਤੋਂ ਇੱਕ ਦਿਨ ਪਹਿਲਾਂ, ਫ਼ਿਲਮ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਪੁਡੂਚੇਰੀ 'ਚ ਟੈਕਸ ਫਰੀ ਕੀਤੀ ਗਈ ਹੈ।


ਮੱਧ ਪ੍ਰਦੇਸ਼ ਦੇ ਸੀਐਮ ਕਮਲਨਾਥ ਨੇ ਟਵੀਟ ਕੀਤਾ, "ਦੀਪਿਕਾ ਪਾਦੂਕੋਣ ਅਭਿਨੀਤ ਐਸਿਡ ਅਟੈਕ ਸਰਵਾਈਵਰ 'ਤੇ 10 ਜਨਵਰੀ ਨੂੰ ਰਿਲੀਜ਼ ਹੋਈ ਫ਼ਿਲਮ 'ਛਪਾਕ' ਨੂੰ ਮੱਧ ਪ੍ਰਦੇਸ਼ 'ਚ ਟੈਕਸ ਮੁਕਤ ਕਰਨ ਦਾ ਐਲਾਨ ਕਰਦਾ ਹਾਂ।"




ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਫ਼ਿਲਮ ਦੇ ਬਾਰੇ ਟਵੀਟ ਕੀਤਾ, “ਹਿੰਦੀ ਫ਼ਿਲਮ 'ਛਪਾਕ' ਸਮਾਜ ‘ਚ ਔਰਤਾਂ ‘ਤੇ ਤੇਜ਼ਾਬੀ ਹਮਲੇ ਵਰਗੇ ਘਿਨਾਉਣੇ ਅਪਰਾਧ ਨੂੰ ਦਰਸਾਉਂਦੀ ਹੈ ਤੇ ਸਾਡੇ ਸਮਾਜ ਨੂੰ ਜਾਗਰੂਕ ਕਰਦਿਆਂ ਸਰਕਾਰ ਨੇ ਛੱਤੀਸਗੜ੍ਹ ‘ਚ ਇਸ ਨੂੰ ਟੈਕਸ ਮੁਕਤ ਕਰਨ ਦਾ ਫੈਸਲਾ ਲਿਆ ਹੈ।”

ਇਨ੍ਹਾਂ ਦੋਵਾਂ ਸੂਬਿਆਂ ਤੋਂ ਇਲਾਵਾ ਫ਼ਿਲਮ ਨੂੰ ਪੁਡੂਚੇਰੀ ‘ਚ ਵੀ ਟੈਕਸ ਫਰੀ ਬਣਾਇਆ ਗਿਆ ਹੈ। ਪੁਡੂਚੇਰੀ ਦੇ ਮੁੱਖ ਮੰਤਰੀ ਨੇ ਇਸ ਦਾ ਐਲਾਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਦੀਪਿਕਾ ਪਾਦੂਕੋਣ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਾਣ ਕਾਰਨ ਵਿਵਾਦਾਂ ‘ਚ ਘਿਰ ਗਈ ਸੀ। ਸੋਸ਼ਲ ਮੀਡੀਆ 'ਤੇ ਕੁਝ ਲੋਕ ਫ਼ਿਲਮ ਦੇ ਸਮਰਥਨ' ਚ ਖੜ੍ਹੇ, ਜਦਕਿ ਕੁਝ ਲੋਕ ਫ਼ਿਲਮ ਨਾ ਦੇਖਣ ਦੀ ਅਪੀਲ ਕਰਨ ‘ਤੇ ਉਤਰ ਆਏ।



ਗਿਰੀਸ਼ ਜੌਹਰ ਨੇ ਉਮੀਦ ਜਤਾਈ ਹੈ ਕਿ ਦੀਪਿਕਾ ਪਾਦੁਕੋਣ ਦੀ ਫ਼ਿਲਮ ਲਗਪਗ 5 ਕਰੋੜ ਰੁਪਏ ਦੀ ਓਪਨਿੰਗ ਕਰ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਕਸ ਆਫਿਸ ਕਲੈਕਸ਼ਨ ਫ਼ਿਲਮ ਦੀ ਸਮੀਖਿਆ ‘ਤੇ ਵੀ ਨਿਰਭਰ ਕਰੇਗਾ। ‘ਛਪਾਕ’ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਫ਼ਿਲਮ ‘ਚ ਦੀਪਿਕਾ ਦੇ ਨਾਲ ਵਿਕਰਾਂਤ ਮੈਸੀ ਵੀ ਹਨ।