ਵਾਸ਼ਿੰਗਟਨ: ਇਰਾਨ 'ਚ ਯੂਕਰੇਨ ਦੇ ਜਹਾਜ਼ ਦੇ ਹਾਦਸੇ ਬਾਰੇ ਵੱਡਾ ਖੁਲਾਸਾ ਹੋਇਆ ਹੈ। ਯੂਐਸ ਮੀਡੀਆ ਨੇ ਦਾਅਵਾ ਕੀਤਾ ਹੈ ਕਿ 8 ਜਨਵਰੀ ਨੂੰ ਇਰਾਨ 'ਚ ਯੂਕਰੇਨ ਦਾ ਜਹਾਜ਼ ਇਰਾਨੀ ਮਿਜ਼ਾਈਲ ਨਾਲ ਕਰੈਸ਼ ਹੋਇਆ ਸੀ। ਅਮਰੀਕੀ ਮੀਡੀਆ ਨੇ ਵੀ ਇਸ ਦਾਅਵੇ ਦੇ ਸੰਬੰਧ 'ਚ ਇੱਕ ਵੀਡੀਓ ਅਤੇ ਸੈਟੇਲਾਈਟ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਜਹਾਜ਼ ਹਾਦਸੇ 'ਚ 176 ਲੋਕਾਂ ਦੀ ਮੌਤ ਹੋਈ ਸੀ।
ਯੂਐਸ ਮੀਡੀਆ ਨੇ ਇੱਕ ਵੀਡੀਓ ਰਾਹੀਂ ਦਾਅਵਾ ਕੀਤਾ ਹੈ ਕਿ ਇਰਾਨੀ ਮਿਜ਼ਾਈਲ ਨੇ ਯੂਕਰੇਨ ਦੇ ਬੋਇੰਗ 737 ਨੂੰ ਸੁੱਟਿਆ, ਜਿਸ 'ਚ 176 ਲੋਕ ਸਵਾਰ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਠਿਕਾਣਿਆਂ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ ਇਰਾਨ ਨੇ ਗਲਤੀ ਨਾਲ ਯੂਕ੍ਰੇਨ ਦੇ ਜਹਾਜ਼ ਨੂੰ ਅਮਰੀਕੀ ਹਵਾਈ ਜਹਾਜ਼ ਸਮਝ ਮਾਰ ਦਿੱਤਾ। ਇਸ ਹਾਦਸੇ 'ਚ ਸਭ ਤੋਂ ਵੱਧ 83 ਇਰਾਨੀ ਨਾਗਰਿਕ ਮਾਰੇ ਗਏ। ਇਸ ਤੋਂ ਇਲਾਵਾ ਕੈਨੇਡਾ ਅਤੇ ਯੂਕਰੇਨ ਤੋਂ ਆਏ 63 ਯਾਤਰੀ ਵੀ ਮਾਰੇ ਗਏ।
ਉਧਰ ਜਿਸ ਥਾਂ ਯੂਕਰੇਨ ਦੇ ਜਹਾਜ਼ ਦਾ ਮਲਬਾ ਡਿੱਗੀਆ ਹੈ। ਉਸ ਜਗ੍ਹਾ ਦੀ ਸੈਟੇਲਾਈਟ ਫੋਟੋ ਸਾਹਮਣੇ ਆਈ ਹਨ। 8 ਜਨਵਰੀ ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਇਮਾਮ ਖੋਮੇਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਣ ਤੋਂ ਬਾਅਦ ਜਹਾਜ਼ ਕਰੈਸ਼ ਹੋ ਗਿਆ, ਜਿਸ 'ਚ 167 ਯਾਤਰੀਆਂ ਅਤੇ 9 ਜਹਾਜ਼ ਕਾਮਿਆਂ ਦੀ ਮੌਤ ਹੋ ਗਈ।
ਇਸ ਦੇ ਨਾਲ ਕੱਲ੍ਹ ਯੂਕਰੇਨ ਦੀ ਏਅਰ ਲਾਈਨ ਨੇ ਕਿਹਾ ਕਿ ਸਾਡੀ ਪਾਇਲਟ ਟੀਮ ਦੇ ਦੋਵੇਂ ਮੈਂਬਰ ਬਹੁਤ ਤਜ਼ਰਬੇਕਾਰ ਸੀ। ਏਅਰ ਲਾਈਨ ਵੱਲੋਂਂ ਇਹ ਕਿਹਾ ਗਿਆ ਹੈ ਕਿ ਪਾਇਲਟਾਂ ਦੇ ਤਜ਼ੁਰਬੇ ਨੂੰ ਵੇਖਦਿਆਂ ਇਸ ਗੱਲ ਦੀ ਬਹੁਤ ਸੰਭਾਵਨਾ ਨਹੀਂ ਹੈ ਕਿ ਜਹਾਜ਼ ਕਰੈਸ਼ ਤਕਨੀਕੀ ਕਾਰਨਾਂ ਕਰਕੇ ਹੋਇਆ ਹੈ।