ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਅਦਾਕਾਰ ਰਾਜਪਾਲ ਯਾਦਵ ਨੂੰ ਤਿੰਨ ਮਹੀਨਿਆਂ ਲਈ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਰਾਜਪਾਲ ਦੀ ਕੰਪਨੀ ਨੇ ਇੱਕ ਫਿਲਮ ਬਣਾਉਣ ਲਈ ਪੰਜ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਨੂੰ ਉਹ ਅਦਾ ਨਹੀਂ ਕਰ ਪਾ ਰਹੇ। ਜੱਜ ਰਾਜੀਵ ਸਹਾਏ ਨੇ ਰਾਜਪਾਲ ਯਾਦਵ ਨੂੰ ਹਿਰਾਸਤ ਵਿੱਚ ਲੈ ਕੇ ਤਿਹਾੜ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਦਿੱਲੀ ਦੀ ਕੰਪਨੀ ‘ਮੁਰਲੀ ਪ੍ਰੋਜੈਕਟਸ’ ਨੇ ਰਾਜਪਾਲ ਦੀ ਕੰਪਨੀ ‘ਸ੍ਰੀ ਨੌਰੰਗ ਗੋਦਾਵਰੀ ਐਂਟਰਟੇਂਨਮੈਂਟ’ ’ਤੇ ਪੰਜ ਕਰੋੜ ਰੁਪਏ ਦਾ ਕਰਜ਼ਾ ਵਾਪਸ ਨਾ ਕਰ ਸਕਣ ਦੇ ਇਲਜ਼ਾਮ ਹੇਠ ਮਾਮਲਾ ਦਰਜ ਕਰਵਾਇਆ ਸੀ। ਰਾਜਪਾਲ ਨੇ 2010 ਵਿੱਚ ਫਿਲਮ ‘ਅਤਾ ਪਤਾ ਲਾਪਤਾ’ ਵਿੱਚ ਬਤੌਰ ਨਿਰਦੇਸ਼ਕ ਡੈਬਿਊ ਕਰਨ ਲਈ ਇਹ ਕਰਜ਼ਾ ਲਿਆ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਇਸੀ ਸਾਲ ਅਪ੍ਰੈਲ ਮਹੀਨੇ ਵਿੱਚ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਰਾਜਪਾਲ ਯਾਦਵ ਨੂੰ ਚੈਕ ਬਾਊਂਸ ਦੇ ਮਾਮਲੇ ਵਿੱਚ 6 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਨੂੰ ਨੂੰ ਵੀ ਰਾਜਪਾਲ ਨੇ ਦਿੱਲੀ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ।