ਪੰਜਾਬ 'ਚ ਨਾਈਟ ਕਰਫਿਊ ਦੇ ਨਾਲ-ਨਾਲ ਵੀਕਐਂਡ ਲੌਕਡਾਊਨ ਲੱਗਿਆ ਹੋਇਆ ਹੈ। ਇਸ ਦਰਮਿਆਨ ਸ਼ੂਟਿੰਗ ਕਰਨ ਕਰਕੇ ਕਲਾਕਾਰ ਅਤੇ ਪੰਜਾਬੀ ਪੌਪ ਗਾਇਕ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਦੇ 100 ਤੋਂ ਵੱਧ ਮੈਬਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਬਨੂੜ ਤੇਪਲਾ ਰੋਡ 'ਤੇ ਹਲਕਾ ਰਾਜਪੁਰਾ ਦੇ ਸੇਖਣ ਮਾਜਰਾ ਵਿਖੇ ਗਿਪੀ ਗਰੇਵਾਲ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਬਨੂੜ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗਿੱਪੀ ਗਰੇਵਾਲ ਸਣੇ ਕਈ ਹੋਰਨਾਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ ਪਰ ਬਨੂੜ ਦੇ ਸਾਬਕਾ ਐਮਸੀ ਗੁਰਮੀਤ ਸਿੰਘ ਨੇ ਉਨ੍ਹਾਂ ਦੀ ਜ਼ਮਾਨਤ ਦਿੱਤੀ ਤੇ ਮੌਕੇ 'ਤੇ ਹੀ ਉਨ੍ਹਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ।
ਜਦ ਇਸ ਦੌਰਾਨ ਗਿੱਪੀ ਤੋਂ ਪੱਤਰਕਾਰਾਂ ਨੇ ਸਵਾਲ ਕੀਤੇ ਤਾਂ ਉਨ੍ਹਾਂ ਮੀਡੀਆ ਕਰਮੀਆਂ ਨਾਲ ਬਦਸਲੂਕੀ ਕੀਤੀ। ਇੰਨਾ ਹੀ ਨਹੀਂ ਗਿੱਪੀ ਗਰੇਵਾਲ ਦੇ ਬਾਊਂਸਰਾ ਨੇ ਏਬੀਪੀ ਸਾਂਝਾ ਦੀ ਮਾਇਕ ਆਈਡੀ ਤੇ ਕੈਮਰੇ ਨੂੰ ਨੁਕਸਾਨ ਪਹੁੰਚਾਇਆ।
ਇਨ੍ਹਾਂ ਖਿਲਾਫ ਧਾਰਾ 188, ਡਿਜ਼ਾਟਰਸ ਮੈਨੇਜਮੈਂਟ ਐਕਟ ਅਤੇ ਐਪੀਡੇਮਿਕ ਐਕਟ ਦੀਆਂ ਵੱਖੋ-ਵੱਖ ਧਾਰਾਵਾਂ ਹੇਠ ਬਨੂੜ ਥਾਣੇ 'ਚ ਪਰਚਾ ਕੀਤਾ ਗਿਆ। ਉਹ ਫਿਲਮ 'ਗਿਰਧਾਰੀ ਲਾਲ' ਦੀ ਸ਼ੂਟਿੰਗ ਕਰ ਰਹੇ ਸੀ। ਕੁਝ ਦਿਨ ਪਹਿਲਾਂ ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਵੀ ਕੋਰੋਨਾ ਪ੍ਰੋਟੋਕਲ ਤੋੜੇ ਸੀ।