ਅਮੈਲੀਆ ਪੰਜਾਬੀ ਦੀ ਰਿਪੋਰਟ
Gippy Grewal Success Story: ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਗਿੱਪੀ ਕਮਾਲ ਦੇ ਐਕਟਰ ਵੀ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਯਾਦਗਾਰੀ ਕਿਰਦਾਰ ਨਿਭਾਏ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ 'ਚ ਗਿੱਪੀ ਨੇ ਆਪਣੇ ਸੰੰਘਰਸ਼ ਦੀ ਕਹਾਣੀ ਦੱਸੀ ਹੈ ਕਿ ਕਿਵੇਂ ਉਹ ਸੰਘਰਸ਼ ਦੇ ਦਿਨਾਂ 'ਚ ਪਤਨੀ ਨਾਲ ਮੋਹਾਲੀ 'ਚ ਇੱਕ ਕਿਰਾਏ ਦੇ ਕਮਰੇ 'ਚ ਰਹਿੰਦੇ ਸੀ।
ਗਿੱਪੀ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਸ ਸਮੇਂ ਉਹ ਗਾਇਕ ਬਣਨ ਲਈ ਸੰਘਰਸ਼ ਕਰ ਰਹੇ ਸੀ। ਉਨ੍ਹਾਂ ਦੀ ਐਲਬਮ ਤਾਂ ਰਿਲੀਜ਼ ਹੋ ਗਈ ਸੀ, ਪਰ ਕਿਸੇ ਨੂੰ ਇਹ ਪਤਾ ਹੀ ਨਹੀਂ ਸੀ ਕਿ ਗਿੱਪੀ ਗਰੇਵਾਲ ਕੌਣ ਹੈ। ਉਸ ਦਰਮਿਆਨ ਗਿੱਪੀ ਨੇ ਪਹਿਲੀ ਐਲਬਮ ਕੱਢਣ ਲਈ ਦੋਸਤਾਂ ਤੋਂ 5-7 ਲੱਖ ਰੁਪਏ ਉਧਾਰ ਲਏ ਸੀ। ਗਿੱਪੀ ਅੱਗੇ ਦੱਸਦੇ ਹਨ ਕਿ 'ਉਸ ਸਮੇਂ ਗਰਮੀ ਸੀ ਅਤੇ ਮੈਂ ਤੇ ਰਵਨੀਤ ਮੋਹਾਲੀ 'ਚ ਕਿਰਾਏ ਦੇ ਕਮਰੇ 'ਚ ਰਹਿੰਦੇ ਸੀ। ਜਦੋਂ ਵੀ ਕੋਈ ਗੈਸਟ ਘਰ ਆਉਣੇ ਤਾਂ ਉਨ੍ਹਾਂ ਨੂੰ ਬਿਠਾਉਣ ਲਈ ਉਹ ਕਮਰਾ ਹੀ ਹੁੰਦਾ ਸੀ। ਉਨੀਂ ਦਿਨੀਂ ਮੇਰੀ ਪਤਨੀ ਪ੍ਰੈਗਨੈਂਟ ਸੀ ਅਤੇ ਉਸ ਨੂੰ ਕਾਫੀ ਗਰਮੀ ਲਗਦੀ ਸੀ। ਇਸ ਦੌਰਾਨ ਮੈਂ ਔਖੇ ਸੌਖੇ ਇੱਕ ਸੈਕੰਡ ਹੈਂਡ ਏਸੀ ਕਿਸ਼ਤਾਂ 'ਤੇ ਖਰੀਦ ਲਿਆ। ਕਿਉਂਕਿ ਉਸ ਸਮੇਂ ਮੇਰਾ ਕੋਈ ਸ਼ੋਅ ਵੀ ਲੱਗਦਾ ਸੀ ਤੇ 6 ਹਜ਼ਾਰ ਦਾ ਏਸੀ ਵੀ ਬਹੁਤ ਮਹਿੰਗਾ ਲੱਗ ਰਿਹਾ ਸੀ।'
ਗਿੱਪੀ ਨੇ ਅੱਗੇ ਦੱਸਿਆ ਕਿ ਉਦੋਂ ਕਮਰੇ ਦਾ ਕਿਰਾਇਆ ਵੀ 6000 ਸੀ ਤੇ ਇਸ ਤੋਂ ਬਾਅਦ ਅਸੀਂ ਮੁਸ਼ਕਲ 'ਚ ਆ ਗਏ। ਇਸ ਦਰਮਿਆਨ ਪ੍ਰੈਗਨੈਂਸੀ ਵਿੱਚ ਹੀ ਰਵਨੀਤ ਨੂੰ ਕੈਨੇਡਾ ਵਾਪਸ ਜਾ ਕੇ ਨੌਕਰੀ ਕਰਨੀ ਪਈ।
ਰਵਨੀਤ ਦੀ ਤਨਖਾਹ ਨਾਲ ਚੱਲਦਾ ਸੀ ਘਰ
ਗਿੱਪੀ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਸੰਘਰਸ਼ ਦੇ ਦਿਨਾਂ 'ਚ ਉਹ ਬਿਲਕੁਲ ਵੇਹਲੇ ਸੀ। ਉਸ ਦਰਮਿਆਨ ਉਨ੍ਹਾਂ ਦੀ ਪਤਨੀ ਰਵਨੀਤ ਕੈਨੇਡਾ 'ਚ ਨੌਕਰੀ ਕਰਦੀ ਸੀ। ਉਸੇ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਸੀ। ਉਸ ਦਰਮਿਆਨ ਗਿੱਪੀ ਨੂੰ ਜਾਣ ਪਛਾਣ ਵਾਲਿਆਂ ਤੋਂ ਖੂਬ ਤਾਅਨੇ ਸੁਣਨੇ ਪਏ ਕਿ ਆਪ ਵੇਹਲਾ ਬੈਠਾ ਤੇ ਜਨਾਨੀ ਤੋਂ ਕੰਮ ਕਰਾਉਂਦਾ ਤੇ ਜਨਾਨੀ ਦਾ ਪੈਸਾ ਖਾਂਦਾ। ਇਸ ਤਰ੍ਹਾਂ ਦੀਆਂ ਗੱਲਾਂ ਗਿੱਪੀ ਨੇ ਸੁਣੀਆਂ ਸੀ। ਗਿੱਪੀ ਨੇ ਇਹ ਵੀ ਦੱਸਿਆ ਸੀ ਕਿ ਕਾਮਯਾਬ ਗਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਵਾਈਫ ਨੂੰ ਕਿਹਾ ਸੀ ਕਿ ਹੁਣ ਤੂੰ ਘਰ ਬੈਠ ਕੇ ਐਨਜੁਆਏ ਕਰ ਕੰਮ ਮੈਂ ਕਰਾਂਗਾ।