ਅਮੈਲੀਆ ਪੰਜਾਬੀ ਦੀ ਰਿਪੋਰਟ


Happy Birthday Gurpreet Ghuggi: ਗੁਰਪ੍ਰੀਤ ਘੁੱਗੀ ਯਾਨਿ ਗੁਰਪ੍ਰੀਤ ਸਿੰਘ ਵੜੈਚ ਨੂੰ ਤਾਂ ਸਾਰੇ ਜਾਣਦੇ ਹੀ ਹਨ। ਇਹ ਉਹ ਨਾਂ ਹੈ ਜੋ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ ਹੈ। ਇਹ ਆਪਣੀ ਸਾਫ਼ ਸੁਥਰੀ ਕਾਮੇਡੀ ਨਾਲ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਦਰਸ਼ਕਾਂ ਤੇ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗੁਰਪ੍ਰੀਤ ਘੁੱਗੀ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 19 ਜੁਲਾਈ 1971 ਨੂੰ ਗੁਰਦਾਸਪੁਰ ;ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਜਲੰਧਰ ਨਾਲ ਕੀਤੀ ਸੀ।ਉਹ ਇੱਕ ਸਫ਼ਲ ਅਦਾਕਾਰ ਤੇ ਕਮੇਡੀਅਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੇ ਜਨਮਦਿਨ ਤੇ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਦੀਆਂ ਕੁੱਝ ਖਾਸ ਗੱਲਾਂ:


ਸਭ ਨੂੰ ਇਹ ਪਤਾ ਹੈ ਕਿ ਕਾਮੇਡੀਅਨ ਦੇ ਰੂਪ `ਚ ਗੁਰਪ੍ਰੀਤ ਘੁੱਗੀ ਪਹਿਲੀ ਵਾਰ 2002 `ਚ ਸਾਹਮਣੇ ਆਏ ਸੀ। ਉਨ੍ਹਾਂ ਨੇ ਆਪਣੀ ਪਹਿਲੀ ਕਾਮੇਡੀ ਟੇਪ ਤੋਹਫ਼ੇ ਘੁੱਗੀ ਦੇ ਕੱਢੀ ਸੀ। ਜਿਸ ਨੂੰ ਪੰਜਾਬੀਆਂ ਨੇ ਭਰਵਾਂ ਹੁੰਗਾਰਾ ਦਿਤਾ ਸੀ। ਉਸ ਤੋਂ ਬਾਅਦ 2 ਦਹਾਕਿਆਂ ਦੇ ਕਰੀਬ ਸਮਾਂ ਹੋ ਚੁੱਕਿਆ ਹੈ। ਗੁਰਪ੍ਰੀਤ ਘੁੱਗੀ ਛੋਟੇ ਵੱਡੇ ਪਰਦੇ `ਤੇ ਕਮੇਡੀਅਨ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।


ਸੰਘਰਸ਼ ਦਾ ਦੌਰ
ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਕਮੇਡੀਅਨ ਬਣਨ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਥੀਏਟਰ ਆਰਟਿਸਟ ਸੀ। ਉਨ੍ਹਾਂ ਨੇ 1990 `ਚ ਥੀਏਟਰ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਇੱਥੇ ਉਨ੍ਹਾਂ ਨੇ ਆਪਣੀ ਦਮਦਾਰ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਉਨ੍ਹਾਂ ਟੀਵੀ ਸੀਰੀਅਲ ਰੌਣਕ ਮੇਲਾ ;ਚ ਤੇ ਪਰਛਾਵੇਂ `ਚ ਕੰਮ ਮਿਲਿਆ। ਇੱਥੇ ਇਨ੍ਹਾਂ ਦੀ ਐਕਟਿੰਗ ਨੇ ਸਭ ਨੂੰ ਖੂਬ ਪ੍ਰਭਾਵਤ ਕੀਤਾ। ਪਰ ਇਸ ਸਭ ਤੋਂ ਘੁੱਗੀ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ ਸੀ। ਉਹ ਇੱਕ ਵੱਖਰੀ ਪਛਾਣ ਚਾਹੁੰਦੇ ਸੀ।


ਇਹ ਮੌਕਾ ਉਨ੍ਹਾਂ ਨੂੰ 2002 `ਚ ਮਿਲਿਆ ਜਦੋਂ ਉਨ੍ਹਾਂ ਦੀ ਪਹਿਲੀ ਕੈਸਟ ਤੋਹਫ਼ੇ ਘੁੱਗੀ ਦੇ ਰਿਲੀਜ਼ ਹੋਈ। ਇੱਥੇ ਘੁੱਗੀ ਦੇ ਚੁਟਕਲਿਆਂ ਤੇ ਕਾਮਿਕ ਟਾਈਮਿੰਗ ਨੇ ਸਭ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ 2003 `ਚ ਪਲਾਜ਼ਮਾ ਰਿਕਾਰਡਜ਼ ਦੇ ਬੈਨਰ ਹੇਠ ਉਨ੍ਹਾਂ ਦੀ ਅਗਲੀ ਕੈਸਟ ਘੁੱਗੀ ਜੰਕਸ਼ਨ ਰਿਲੀਜ਼ ਹੋਈ। ਜਿਸ ਨੇ ਦੁਨੀਆ ਭਰ `ਚ ਘੁੱਗੀ ਨੂੰ ਬੇਹਤਰੀਨ ਕਮੇਡੀਅਨ ਵਜੋਂ ਪਹਿਚਾਣ ਦਿਵਾਈ। ਇਸ ਤੋਂ ਬਾਅਦ ਹਰ ਸਾਲ ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀ ਕੈਸਟਾਂ ਆਉਂਦੀਆਂ ਰਹੀਆਂ ਤੇ ਪੰਜਾਬ `ਚ ਹੀ ਨਹੀਂ ਉਨ੍ਹਾਂ ਦੀ ਕਾਮੇਡੀ ਨੂੰ ਦੁਨੀਆ ਭਰ `ਚ ਸਲਾਹਿਆ ਗਿਆ।


ਵੱਡੇ ਪਰਦੇ `ਤੇ 2002 `ਚ ਮਿਲਿਆ ਬ੍ਰੇਕ
1990 `ਚ ਘੁੱਗੀ ਥੀਏਟਰ ਅਰਟਿਸਟ ਵਜੋਂ ਸਭ ਦੇ ਸਾਹਮਣੇ, ਇੱਥੋਂ ਉਨ੍ਹਾਂ ਦੀ ਐਕਟਿੰਗ ਦੇ ਦਮ ਤੇ ਉਨ੍ਹਾਂ ਨੂੰ 2 ਟੀਵੀ ਸੀਰੀਅਲਜ਼ ਵਿੱਚ ਕੰਮ ਤਾਂ ਮਿਲਿਆ, ਪਰ ਇਸ ਵਿੱਚ ਘੁੱਗੀ ਦੇ ਕਰਨ ਲਈ ਬਹੁਤਾ ਕੁੱਝ ਨਹੀਂ ਸੀ। ਘੁੱਗੀ ਆਪਣੀ ਵੱਖਰੀ ਪਹਿਚਾਣ ਬਣਾਉਣਾ ਚਾਹੁੰਦੇ ਸੀ। ਜਿਸ ਤੋਂ ਉਨ੍ਹਾਂ ਨੇ ਆਪਣੇ ਕੈਸਟ ਘੁੱਗੀ ਦੇ ਤੋਹਫ਼ੇ ਕੱਢੀ, ਜਿਸ ਨੂੰ ਖੂਬ ਸਫ਼ਲਤਾ ਮਿਲੀ। ਘੁੱਗੀ ਕਮੇਡੀਅਨ ਵਜੋਂ ਉੱਭਰਨ ਲੱਗੇ ਸੀ। ਉਨ੍ਹਾਂ ਦੀ ਸ਼ਾਨਦਾਰ ਕਮੇਡੀ ਤੇ ਦਮਦਾਰ ਐਕਟਿੰਗ ਨੇ ਉਨ੍ਹਾਂ ਨੂੰ ਫ਼ਿਲਮ ;`ਚ ਮੌਕਾ ਦਿਵਾਇਆ। ਸਾਲ 2002 `ਚ ਹਰਭਜਨ ਮਾਨ ਤੇ ਪ੍ਰਿਯਾ ਗਿੱਲ ਸਟਾਰਰ ਫ਼ਿਲਮ `ਜੀ ਆਇਆਂ ਨੂੰ` `ਚ ਗੁਰਪ੍ਰੀਤ ਘੁੱਗੀ ਟਰੈਵਲ ਏਜੰਟ ਘੁੱਗੀ ਬਣ ਕੇ ਸਾਹਮਣੇ ਆਏ ਤੇ ਸਭ ਦਾ ਦਿਲ ਜਿੱਤ ਲਿਆ। 


ਬਾਲੀਵੁੱਡ ਡੈਬਿਊ
ਗੁਰਪ੍ਰੀਤ ਘੁੱਗੀ 2005 ਤੱਕ ਸਫ਼ਲ ਅਦਾਕਾਰ ਤੇ ਕਮੇਡੀਅਨ ਵਜੋਂ ਪੰਜਾਬੀ ਇੰਡਸਟਰੀ `ਚ ਸਥਾਪਤ ਹੋ ਚੁੱਕੇ ਸੀ। ਉਨ੍ਹਾਂ ਦੀ ਪ੍ਰਸਿੱਧੀ ਪੰਜਾਬ ਤੱਕ ਹੀ ਨਹੀਂ ਸਗੋਂ ਪੂਰੀ ਦੁਨੀਆ `ਚ ਸੀ। ਉਨ੍ਹਾਂ ਦੀ ਇਸੇ ਪ੍ਰਸਿੱਧੀ ਤੇ ਟੈਲੇਂਟ ਕਰਕੇ ਉਨ੍ਹਾਂ ਨੂੰ ਬਾਲੀਵੁੱਡ `ਚ ਕੰਮ ਕਰਨ ਦਾ ਮੌਕਾ ਮਿਲਿਆ। ਘੁੱਗੀ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ਼ ਸਟਾਰਰ ਫ਼ਿਲਮ `ਹਮਕੋ ਦੀਵਾਨਾ ਕਰ ਗਏ` `ਚ ਅਕਸ਼ੇ ਕੁਮਾਰ ਦੇ ਦੋਸਤ ਦੇ ਕਿਰਦਾਰ `ਚ ਨਜ਼ਰ ਆਏ। ਇਸ ਤੋਂ ਬਾਅਦ ਉਹ ਅਕਸ਼ੇ ਕੁਮਾਰ ਨਾਲ ਨਮਸਤੇ ਲੰਡਨ ਫ਼ਿਲਮ `ਚ ਵੀ ਐਕਟਿੰਗ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਘੁੱਗੀ ਰੇਸ, ਸਿੰਘ ਇਜ਼ ਕਿੰਗ, ਏਕ ਦ ਪਾਵਰ ਆਫ਼ ਵਨ ਵਰਗੀਆਂ ਫ਼ਿਲਮਾਂ `ਚ ਵੀ ਨਜ਼ਰ ਆਏ।


ਦ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ ਨੇ ਦੁਨੀਆ ਭਰ `ਚ ਦਿਤੀ ਪਹਿਚਾਣ
ਗੁਰਪ੍ਰੀਤ ਘੁੱਗੀ ਇੱਕ ਸਫ਼ਰ ਅਦਾਕਾਰ ਤੇ ਕਮੇਡੀਅਨ ਵਜੋਂ ਪੰਜਾਬੀ ਇੰਡਸਟਰੀ `ਚ ਸਥਾਪਤ ਹੋ ਚੁੱਕੇ ਸੀ। ਉਨ੍ਹਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਸੀ। ਦੇਸ਼ਾਂ ਵਿਦੇਸ਼ਾਂ `ਚ ਉਹ ਸਫ਼ਲ ਸ਼ੋਅ ਵੀ ਕਰ ਰਹੇ ਸੀ। ਪਰ ਦ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੇ ਵੱਖਰੀ ਉਡਾਣ ਭਰੀ। ਉਹ ਪੂਰੀ ਦੁਨੀਆ `ਚ ਪ੍ਰਸਿੱਧ ਹੋ ਗਏ


ਸਿਆਸਤ `ਚ ਆਜ਼ਮਾਈ ਕਿਸਮਤ
ਘੁੱਗੀ ਨੇ 2014 `ਚ ਸਿਆਸਤ `ਚ ਕਦਮ ਰੱਖਿਆ। ਉਨ੍ਹਾਂ ਦੇ ਦੋਸਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਤੋਂ ਪਹਿਲਾਂ ਹੀ ਸਿਆਸਤ `ਚ ਕਦਮ ਰੱਖ ਚੁੱਕੇ ਸੀ। 2014 `ਚ ਘੁੱਗੀ ਨੇ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕਰ ਲਈ। ਉਨ੍ਹਾਂ ਨੂੰ ਆਪ ਪੰਜਾਬ ਦਾ ਕਨਵੀਨਰ ਬਣਾਇਆ ਗਿਆ। 2016-17 ਤੱਕ ਘੁੱਗੀ ਆਪ ਪੰਜਾਬ ਦੀ ਅਗਵਾਈ ਕਰਦੇ ਰਹੇ, ਪਰ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ `ਚ ਹਾਰ ਤੋਂ ਬਾਅਦ ਘੁੱਗੀ ਨੂੰ ਹਟਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੀ ਜਗ੍ਹਾ `ਤੇ ਭਗਵੰਤ ਮਾਨ ਨੂੰ ਆਪ ਪ੍ਰਧਾਨ ਦੀ ਗੱਦੀ ਤੇ ਬਿਠਾਇਆ ਗਿਆ। ਇਸ ਤੋਂ ਬਾਅਦ ਘੁੱਗੀ ਪਾਰਟੀ ਵੀ ਛੱਡ ਗਏ ਤੇ ਸਿਆਸਤ ਵੀ।


ਪੰਜਾਬੀ ਫ਼ਿਲਮ ਤੇ ਆਰਟਿਸਟ ਐਸੋਸੀਸੇਸ਼ਨ ਦੇ ਪ੍ਰਧਾਨ
ਹਾਲ ਹੀ `ਚ ਘੁੱਗੀ ਨੂੰ ਪੰਜਾਬੀ ਫ਼ਿਲਮ ਤੇ ਆਰਟਿਸਟ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਸੰਸਥਾ `ਚ ਉਨ੍ਹਾਂ ਦੇ ਨਾਲ ਹੋਰ ਵੀ ਕਈ ਉੱਘੇ ਪੰਜਾਬੀ ਕਲਾਕਾਰ ਸ਼ਾਮਲ ਹੋਏ ਹਨ।