Guru Randhawa: ਫਿਲਮ "ਸ਼ਾਹਕੋਟ” ਹੁਣ ਦਰਸ਼ਕਾਂ ਦਾ ਮਨ ਮੋਹਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫਿਲਮ ਅਗਲੇ ਸਾਲ ਦੇ ਸ਼ੁਰੂ ਵਿੱਚ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਗੁਰੂ ਰੰਧਾਵਾ ਇਸ ਪੂਰੇ-ਭਾਰਤੀ ਸਿਨੇਮਿਕ ਅਨੁਭਵ ਦੀ ਅਗਵਾਈ ਕਰਨਗੇ। ਰੰਧਾਵਾ ਨੇ ਇੱਕ ਭਾਵੁਕ ਪੰਜਾਬੀ ਨੌਜਵਾਨ ਇਕਬਾਲ ਸਿੰਘ ਦੀ ਭੂਮਿਕਾ ਨਿਭਾਈ ਹੈ, ਜਿਸ ਦੇ ਜੀਵਨ ਵਿੱਚ ਅਚਾਨਕ ਇੱਕ ਮੋੜ ਆ ਜਾਂਦਾ ਹੈ। ਇਕਬਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਜਾਣ ਦਾ ਦ੍ਰਿੜ ਨਿਸ਼ਚਾ ਕਰਦਾ ਹੈ।


ਗੁਰੂ ਰੰਧਾਵਾ ਟੀ-ਸੀਰੀਜ਼ ਦੇ ਬੈਨਰ ਹੇਠ ਕਈ ਗੀਤਾਂ ਨੂੰ ਆਪਣੀ ਆਵਾਜ਼ ਦੇਣਗੇ, ਜਿਸ ਨਾਲ ਇਸ ਰੋਮਾਂਟਿਕ ਕਹਾਣੀ ਨੂੰ ਇੱਕ ਸ਼ਾਨਦਾਰ ਸੰਗੀਤਕ ਛੋਹ ਮਿਲੇਗੀ। ਇਸ ਫਿਲਮ ਦੇ ਪ੍ਰਮੁੱਖ ਕਲਾਕਾਰਾਂ ਵਿੱਚ ਦੱਖਣੀ ਭਾਰਤ ਵਿੱਚ ਆਪਣੀ ਪ੍ਰਸਿੱਧੀ ਲਈ ਜਾਣੀ ਜਾਂਦੀ ਈਸ਼ਾ ਤਲਵਾਰ ਸ਼ਾਮਲ ਹੈ ਜੋ ਗੁਰੂ ਦੀ ਪ੍ਰੇਮਿਕਾ ਦਾ ਰੋਲ ਨਿਭਾਏਗੀ। ਉਹ ਇੱਕ ਜੋਸ਼ੀਲੀ ਮੁਟਿਆਰ ਹੈ, ਜਿਸ ਨੇ ਆਪਣਾ ਸਾਰਾ ਜੀਵਨ ਆਪਣੇ ਪਿਤਾ, ਅੱਬਾ ਜੀ (ਰਾਜ ਬੱਬਰ ਦੁਆਰਾ ਨਿਭਾਏ ਗਏ ਕਿਰਦਾਰ) ਦੀ ਦੇਖਭਾਲ ਵਿੱਚ ਬਿਤਾਇਆ ਹੈ। ਇਸ ਫਿਲਮ ਵਿੱਚ ਗੁਰਸ਼ਬਦ ਨੂੰ ਇਕਬਾਲ ਦੇ ਭਰੋਸੇਮੰਦ ਤੇ ਪੰਜਾਬੀ ਐਕਟਰ ਹਰਦੀਪ ਗਿੱਲ ਨੂੰ ਇੱਕ ਭ੍ਰਿਸ਼ਟ ਪੁਲਿਸ ਅਫਸਰ ਵਜੋਂ ਵੀ ਦਿਖਾਇਆ ਗਿਆ ਹੈ। ਦੱਸ ਦਈਏ ਕਿ ਗੁਰੂ ਰੰਧਾਵਾ ਦੀ ਇਹ ਫਿਲਮ 9 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


"ਲਵ ਪੰਜਾਬ", ਫਿਰੰਗੀ" ਤੇ "ਕਾਮੇਡੀ ਨਾਈਟਸ ਵਿਦ ਕਪਿਲ" ਵਰਗੇ ਕੰਮਾਂ ਲਈ ਪ੍ਰਸ਼ੰਸਾ ਪ੍ਰਾਪਤ ਨਿਰਦੇਸ਼ਕ ਰਾਜੀਵ ਢੀਂਗਰਾ ਦਾ ਉਦੇਸ਼ ਇੱਕ ਅਜਿਹੀ ਫਿਲਮ ਬਣਾਉਣਾ ਸੀ ਜੋ ਸਰਹੱਦਾਂ ਤੋਂ ਪਾਰ ਹੋ ਕੇ, ਦੁਨੀਆ ਭਰ ਦੇ ਦਰਸ਼ਕਾਂ ਨਾਲ ਜੁੜੇ। ਏਮ 7 ਸਕਾਈ ਸਟੂਡੀਓਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰੋਡਿਊਸਰ ਮਿਸਟਰ ਅਨਿਰੁਧ ਮੋਹਤਾ ਨੇ ਕਿਹਾ, "ਫਿਲਮ ਦੀ ਅਪੀਲ ਪੰਜਾਬੀ ਸਿਨੇਮਾ ਤੋਂ ਪਰੇ ਹੈ, ਇਸ ਨੂੰ ਹਿੰਦੀ, ਤਾਮਿਲ ਤੇ ਤੇਲਗੂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜੋ ਇਸ ਨੂੰ ਸੱਚਮੁੱਚ ਇੱਕ ਪੈਨ-ਇੰਡੀਅਨ ਮਾਸਟਰਪੀਸ ਬਣਾਉਂਦੀ ਹੈ।"


751 ਫਿਲਮਾਂ ਅਤੇ ਰਾਪਾ ਐਨਯੂਆਈ ਦੀ ਫਿਲਮਾਂ (RAPA NUI's Films) ਦੇ ਨਾਲ ਜੁੜੇ, ਨਿਰਦੇਸ਼ਕ ਰਾਜੀਵ ਢੀਂਗਰਾ ਨੇ ਅੱਗੇ ਕਿਹਾ, "ਸ਼ਾਹਕੋਟ" ਇੱਕ ਅਜਿਹੀ ਫਿਲਮ ਹੈ ਜੋ ਨਾ ਸਿਰਫ ਮਨੋਰੰਜਨ ਕਰੇਗੀ ਸਗੋਂ ਨਾਲ-ਨਾਲ ਵਿਸ਼ਵ ਪੱਧਰ 'ਤੇ ਦਰਸ਼ਕਾਂ ਦੇ ਨਾਲ ਵੀ ਜੋੜੇਗੀ, ਇਹ ਇੱਕ ਅਜਿਹੀ ਕਹਾਣੀ ਹੈ ਜੋ ਦਿਲ ਦੀ ਗੱਲ ਕਰਦੀ ਹੈ ਤੇ ਪਿਆਰ ਬਨਾਮ ਕਰਤੱਵ ਦੀ ਸਦੀਆਂ ਤੋਂ ਚਲੀ ਆ ਰਹੀ ਦੁਬਿਧਾ ਦੀ ਪੜਚੋਲ ਕਰਦੀ ਹੈ।" ਇਸ ਸਮੇਂ ਕਸ਼ਮੀਰ, ਕੈਨੇਡਾ ਤੇ ਹੋਰ ਵੱਖ-ਵੱਖ ਥਾਵਾਂ 'ਤੇ "ਸ਼ਾਹਕੋਟ" ਫਿਲਮ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਕੈਪਚਰ ਕੀਤਾ ਜਾ ਰਿਹਾ ਹੈ।