Sonam Bajwa Himanshi Khurana: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੇ ਸ਼ੋਅ ‘ਦਿਲ ਦੀਆਂ ਗੱਲਾਂ 2’ ਨੂੰ ਲੈਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਪਹਿਲੇ ਸੀਜ਼ਨ ਵਾਂਗ ਸ਼ੋਅ ਦਾ ਦੂਜਾ ਸੀਜ਼ਨ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਸ਼ੋਅ ‘ਚ ਹੁਣ ਤੱਕ ਪੰਜਾਬੀ ਤੇ ਹਿੰਦੀ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ ਨਜ਼ਰ ਆ ਚੁੱਕੇ ਹਨ। ਹੁਣ ਇਸ ਸ਼ੋਅ ‘ਚ ਪੰਜਾਬੀ ਮਾਡਲ, ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਵੀ ਮਹਿਮਾਨ ਬਣ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਸੋਨਮ ਬਾਜਵਾ ਦੇ ਸ਼ੋਅ ਦੇ ਸੈੱਟ ‘ਤੇ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਹਿਮਾਂਸ਼ੀ ਤੇ ਸੋਨਮ ਦੇ ਨਾਲ ਪੰਜਾਬੀ ਗਾਇਕ ਤੇ ਐਕਟਰ ਕੁਲਵਿੰਦਰ ਬਿੱਲਾ ਵੀ ਨਜ਼ਰ ਆ ਰਹੇ ਹਨ। ਇੰਟਰਨੈੱਟ ‘ਤੇ ਇਹ ਤਸਵੀਰ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ।




ਦਰਸ਼ਕਾਂ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ੋਅ ਵਿੱਚ ਹਿਮਾਂਸ਼ੀ ਦਿਲ ਦੇ ਕਈ ਰਾਜ਼ ਖੋਲੇਗੀ। ਇਸ ਤੋਂ ਪਹਿਲਾਂ ਸੁਨੰਦਾ ਸ਼ਰਮਾ ਤੇ ਜੈਸਮੀਨ ਸੈਂਡਲਾਸ ਵੀ ਇਸ ਸ਼ੋਅ ‘ਚ ਪਹੁੰਚ ਚੁੱਕੀਆਂ ਹਨ। ਫ਼ਿਲਹਾਲ ਇਹ ਐਪੀਸੋਡ ਆਨ ਏਅਰ ਨਹੀਂ ਹੋਏ ਹਨ। ਦਸ ਦਈਏ ਕਿ ਸੋਨਮ ਬਾਜਵਾ ਦਾ ਸ਼ੋਅ 29 ਅਕਤੂਬਰ ਤੋਂ ਸ਼ੁਰੂ ਹੋਇਆ ਸੀ। ਉਦੋਂ ਤੋਂ ਹੁਣ ਤੱਕ ਇਸ ਸ਼ੋਅ ‘ਚ ਕਈ ਦਿੱਗਜ ਕਲਾਕਾਰ ਸ਼ਿਰਕਤ ਕਰ ਚੁੱਕੇ ਹਨ। ਲੋਕਾਂ ਨੂੰ ਸੋਨਮ ਦਾ ਸ਼ੋਅ ਕਾਫ਼ੀ ਪਸੰਦ ਆ ਰਿਹਾ ਹੈ।









ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆਈ ਹੈ। ਉਹ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਹੈ। ਉਹ ਬਿੱਗ ਬੌਸ 13 ਤੋਂ ਬਾਅਦ ਪੂਰੇ ਹਿੰਦੁਸਤਾਨ ਦੀ ਚਹੇਤੀ ਬਣੀ। ਹਿਮਾਂਸ਼ੀ ਖੁਰਾਣਾ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਉਨ੍ਹਾਂ ਗਿਣੇ ਚੁਣੇ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੇ ਇੰਸਟਾਗ੍ਰਾਮ ‘ਤੇ ਇੱਕ ਕਰੋੜ ਫਾਲੋਅਰਜ਼ ਹਨ।