ਮੁੰਬਈ: ਬਾਲੀਵੁੱਡ ਦੇ ‘ਖਿਡਾਰੀ’ ਅਕਸ਼ੇ ਕੁਮਾਰ ਹਰ ਸਾਲ ਸਭ ਤੋਂ ਵੱਧ ਫ਼ਿਲਮਾਂ ’ਚ ਕੰਮ ਕਰਦੇ ਹਨ। ਵੱਡੇ ਸਟਾਰ ਵੀ ਉਨ੍ਹਾਂ ਦੀ ਕਮਾਈ ਦੀ ਚਰਚਾ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਪਿਛਲੇ 6 ਸਾਲਾਂ ’ਚ ਅਕਸ਼ੇ ਕੁਮਾਰ ਨੇ ਕਿੰਨੇ ਕਰੋੜ ਰੁਪਏ ਦੀ ਕਮਾਈ ਕੀਤੀ ਹੈ? ਅਕਸ਼ੇ ਕੁਮਾਰ ਨੇ ਪਿਛਲੇ 6 ਸਾਲਾਂ ’ਚ ਕੁੱਲ 1,744 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਿਛਲੇ ਸਾਲ 2020 ਦੌਰਾਨ ਲੌਕਡਾਊਨ ਕਾਰਣ ਭਾਵੇਂ ਕੰਮ ਬੰਦ ਸੀ ਪਰ ਇਸ ਦੇ ਬਾਵਜੂਦ ਅਕਸ਼ੇ ਕੁਮਾਰ ਨੇ 356 ਕਰੋੜ 57 ਲੱਖ ਰੁਪਏ ਕਮਾਏ। ਸਾਲ 2019 ’ਚ ਅਕਸ਼ੇ ਦੀਆਂ ਪੰਜ ਫ਼ਿਲਮਾਂ 'ਕੇਸਰੀ', 'ਬਲੈਂਕ' (ਵਿਸ਼ੇਸ਼ ਭੂਮਿਕਾ), 'ਮਿਸ਼ਨ ਮੰਗਲ', 'ਹਾਊਸਫ਼ੁਲ-4', 'ਗੁੱਡ ਨਿਊਜ਼' ਰਿਲੀਜ਼ ਹੋਈਆਂ ਸਨ ਤੇ ਉਨ੍ਹਾਂ ਤੋਂ 459.22 ਕਰੋੜ ਰੁਪਏ ਦੀ ਕਮਾਈ ਹੋਈ ਸੀ। ਸਾਲ 2018 ’ਚ ਅਕਸ਼ੇ ਨੇ 'ਗੋਲਡ 2.0', 'ਪੈਡਮੈਨ' ਤੇ 'ਸਿੰਬਾ' ਨਾਲ 277 ਕਰੋੜ 6 ਲੱਖ ਰੁਪਏ ਦੀ ਕਮਾਈ ਕੀਤੀ ਸੀ। ਇੰਝ ਹੀ 2017 ’ਚ 'ਜੌਲੀ ਐਲਐਲਬੀ-2', 'ਨਾਮ ਸ਼ਬਾਨਾ' ਤੇ 'ਟਾਇਲੇਟ- ਏਕ ਪ੍ਰੇਮ ਕਥਾ' ਨਾਲ 231.06 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਅਮਰੀਕੀ ਬਿਜ਼ਨੇਸ ਮੈਗਜ਼ੀਨ ‘ਫ਼ੋਰਬਸ’ ਅਨੁਸਾਰ 2016 ’ਚ  ਅਕਸ਼ੇ ਨੇ 211.58 ਕਰੋੜ ਰੁਪਏ ਤੇ 2015 ’ਚ 208.42 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਪਿਛਲੇ ਛੇ ਸਾਲਾਂ ’ਚ ਅਕਸ਼ੇ ਕੁਮਾਰ ਨੇ ਕੁੱਲ 1,744 ਕਰੋੜ ਰੁਪਏ ਦੀ ਕਮਾਈ ਕੀਤੀ। ਪਿਛਲੇ ਵਰ੍ਹੇ 2020 ’ਚ ਅਕਸ਼ੇ ਕੁਮਾਰ ਫ਼ਿਲਮ ‘ਲਕਸ਼ਮੀ’ ’ਚ ਵਿਖਾਈ ਦਿੱਤੇ ਸਨ ਪਰ ਦਰਸ਼ਕਾਂ ਨੂੰ ਉਹ ਫ਼ਿਲਮ ਕੁਝ ਖ਼ਾਸ ਨਹੀਂ ਲੱਗੇ। ਇਸ ਨਵੇਂ ਵਰ੍ਹੇ 2021 ’ਚ ਉਹ ਸੂਰਿਆਵੰਸ਼ੀ, ਅਤਰੰਗੀ ਰੇਅ, ਬੈੱਲ-ਬਾੱਟਮ ਤੇ ਪ੍ਰਿਥਵੀ ਰਾਜ ’ਚ ਵਿਖਾਈ ਦੇਣਗੇ। ਸੂਰਿਆਵੰਸ਼ੀ ਤੇ ਬੈੱਲ-ਬਾੱਟਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ; ਇਨ੍ਹਾਂ ਫ਼ਿਲਮਾਂ ਤੋਂ ਅਕਸ਼ੇ ਨੂੰ ਵੱਡੀਆਂ ਆਸਾਂ ਹਨ।