Inderjit Nikku: ਇੰਦਰਜੀਤ ਨਿੱਕੂ ਦਾ ਵੀਡੀਓ ਸੋਸ਼ਲ ਮੀਡੀਆ `ਤੇ ਕੁੱਝ ਦਿਨ ਪਹਿਲਾਂ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਪੰਜਾਬ ਭਰ `ਚ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਦਾ ਹੌਸਲਾ ਵਧਾਇਆ। 


ਇਸ ਤੋਂ ਬਾਅਦ ਇੰਦਰਜੀਤ ਨਿੱਕੂ ਦਾ ਸਮਾਂ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਜਲਦ ਹੀ ਵਰਲਡ ਟੂਰ ਕਰਨ ਜਾ ਰਹੇ ਹਨ। ਇਸ ਟੂਰ ਦੀ ਸ਼ੁਰੂਆਤ ਕੈਨੇਡਾ ਤੋਂ ਹੋਵੇਗੀ। ਹਾਲਾਂਕਿ ਕੈਨੇਡਾ `ਚ ਨਿੱਕੂ ਦੇ ਟੂਰ ਦੀ ਕੋਈ ਫ਼ਾਈਨਲ ਡੇਟ ਸਾਹਮਣੇ ਨਹੀਂ ਆਈ ਹੈ, ਪਰ ਇਹ ਤੈਅ ਹੈ ਕਿ ਉਹ ਜਲਦ ਹੀ ਕੈਨੇਡਾ `ਚ ਸ਼ੋਅ ਕਰ ਸਕਦੇ ਹਨ। 


ਦੱਸ ਦਈਏ ਕਿ ਇਹ ਸ਼ੋਅ ਨੈਕਸਟ ਲੈਵਲਜ਼ ਮਿਊਜ਼ਿਕ ਕੰਪਨੀ ਕਰਵਾ ਰਹੀ ਹੈ। ਇਸ ਦੇ ਤਹਿਤ ਨਿੱਕੂ ਕੈਨੇਡਾ ਦੇ ਕੈਲਗਰੀ, ਟੋਰਾਂਟੋ, ਵੈਨਕੂਵਰ, ਐਡਮੌਨਟਨ ਤੇ ਵਿੰਨੀਪੈਗ `ਚ ਸ਼ੋਅ ਕਰਨਗੇ। 


ਇਸ ਦਾ ਖੁਲਾਸਾ ਖੁਦ ਪੰਜਾਬੀ ਸਿੰਗਰ ਨਿੱਕੂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਇਸ ਬਾਬਤ ਪੋਸਟ ਪਾਈ ਹੈ। ਪੋਸਟ ਨਾਲ ਉਨ੍ਹਾਂ ਨੇ ਕਾਫ਼ੀ ਲੰਬੀ ਚੌੜੀ ਕੈਪਸ਼ਨ ਵੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਕਿਹਾ, "ਤੁਹਾਡੇ ਸਭ ਦੇ ਪਿਆਰ ਦਾ ਹਮੇਸ਼ਾ ਕਰਜ਼ਦਾਰ ਰਹੂ ਤੁਹਾਡਾ ਨਿੱਕੂ। ਇਹ ਸ਼ੋਅਜ਼ ਤੁਸੀਂ ਹੀ ਸਕਸੈਸਫੁੱਲ ਕਰਨੇ ਆ। ਐਂਡ ਪਲੀਜ਼ ਹੁਣ ਤੋਂ ਤੁਸੀਂ ਮੈਨੂੰ ਆਪਣੀਆਂ ਖੁਸ਼ੀਆਂ `ਚ ਹਮੇਸ਼ਾ ਲਈ ਸ਼ਾਮਲ ਕਰ ਲਵੋ। ਮੈਨੂੰ ਪੈਸੇ ਨਹੀਂ, ਇੱਜ਼ਤ ਚਾਹੀਦੀ ਆ, ਤੁਹਾਡਾ ਪਿਆਰ ਚਾਹੀਦਾ ਹੈ। ਸ਼ੋਅਜ਼ ਸਕਸੈਸਫੁਲ ਕਰਨ `ਚ ਮਦਦ ਕਰਿਓ। ਵਾਹਿਗੁਰੂ ਦੀ ਕਿਰਪਾ, ਤੁਹਾਡੇ ਸਾਥ ਤੇ ਆਪਣੀ ਮੇਹਨਤ ਨਾਲ ਇਹ ਸਭ ਠੀਕ ਕਰਨਾ ਚਾਹੁੰਦਾ ਮੈਂ। ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਰਤ ਕਰਨ ਨੂੰ ਸਭ ਤੋਂ ਉੱਤਮ ਦੱਸਿਆ। ਮੈਂ ਤੇ ਮੇਰਾ ਪਰਿਵਾਰ ਸਭ ਧਰਮਾਂ ਦਾ ਆਦਰ ਸਤਿਕਾਰ ਕਰਦਾ ਐ, ਪਰ ਸਾਡੇ ਲਈ ਹਮੇਸ਼ਾ ਸਰਬ ਉੱਤਮ ਗੁਰੂ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਨੇ।"









ਇਸ ਦੇ ਨਾਲ ਨਾਲ ਨਿੱਕੂ ਨੇ ਇਹ ਵੀ ਕਿਹਾ, " ਸਾਰੇ ਪ੍ਰਮੋਟਰਜ਼, ਪਿਆਰ ਕਰਨ ਵਾਲੇ ਬਜ਼ੁਰਗ, ਭੈਣ ਭਰਾ, ਅੱਜ ਦੀ ਜੈਨਰੇਸ਼ਨ, ਟੀਨਏਜਰ, ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਹਰ ਦੇਸ ਪਰਦੇਸ `ਚ ਬੈਠੇ ਭੈਣ ਭਰਾ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਬੱਸ ਬਹੁਤ ਸਾਰਾ ਪਿਆਰ, ਸਤਿਕਾਰ ਤੇ ਸਿਹਤ।"


ਕਾਬਿਲੇਗ਼ੌਰ ਹੈ ਕਿ ਹਾਲ ਹੀ `ਚ ਨਿੱਕੂ ਆਪਣੀਆਂ ਸਮੱਸਿਆਵਾਂ ਲੈਕੇ ਇੱਕ ਬਾਬੇ ਦੇ ਦਰਬਾਰ ਜਾ ਪੁੱਜੇ ਸੀ। ਉੱਥੇ ਨਿੱਕੂ ਨੇ ਨਮ ਅੱਖਾਂ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਬਾਬੇ ਨੂੰ ਦੱਸਿਆ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋਇਆ। ਇਸ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਨਿੱਕੂ ਦੇ ਸਪੋਰਟ `ਚ ਉੱਤਰ ਆਈ। ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਨੇ ਨਿੱਕੂ ਨੂੰ ਅਗਲੀ ਫ਼ਿਲਮ `ਚ ਗੀਤ ਗਾਉਣ ਦਾ ਆਫ਼ਰ ਤੱਕ ਦੇ ਦਿਤਾ।