ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਨਵਾਂ ਕਲੇਸ਼ ਸ਼ੁਰੂ ਹੋ ਗਿਆ ਹੈ।ਸੁਖਪਾਲ ਖਹਿਰਾ ਦੇ ਟਵੀਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ।ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਟਵੀਟ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਪੀਲ ਕੀਤੀ ਕਿ ਉਹ ਵਿਅਕਤੀਆਂ ਦਾ ਬਚਾਅ ਕਰਨ ਲਈ ਪਾਰਟੀ ਕਾਡਰ ਦੀ ਊਰਜਾ ਨੂੰ ਬਰਬਾਦ ਨਾ ਕਰਨ ਕਿਉਂਕਿ ਪੰਜਾਬ ਵਿੱਚ ਬੇਅਦਬੀ, ਕਿਸਾਨ ਖੁਦਕੁਸ਼ੀਆਂ ਅਤੇ ਸੇਮ ਵਰਗੇ ਕਈ ਭਖਦੇ ਮੁੱਦੇ ਹਨ।


ਖਹਿਰਾ ਦਾ ਇਹ ਟਵੀਟ ਇਕ ਦਿਨ ਬਾਅਦ ਆਇਆ ਹੈ ਜਦੋਂ ਵੜਿੰਗ ਨੇ ਚਰਨਜੀਤ ਸਿੰਘ ਚੰਨੀ ਅਤੇ ਵੜਿੰਗ 'ਤੇ ਕਥਿਤ ਟਿੱਪਣੀ 'ਤੇ ਭਾਜਪਾ ਨੇਤਾ ਸੁਨੀਲ ਜਾਖੜ ਦੀ ਆਲੋਚਨਾ ਕੀਤੀ ਸੀ।ਜਾਖੜ ਦੇ ਹਵਾਲੇ ਨਾਲ ਕਿਹਾ ਗਿਆ ਕਿ ਕਾਂਗਰਸ ਵਿੱਚ ਕਿਸੇ ਨੇ ਚੰਨੀ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਨਹੀਂ ਕੀਤਾ ਅਤੇ ਹੁਣ ਕਿਸੇ ਨੇ ਵੜਿੰਗ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਸਵੀਕਾਰ ਨਹੀਂ ਕੀਤਾ।



ਇਸਦਾ ਜਵਾਬ ਦਿੰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ "ਬਿਨ੍ਹਾਂ ਮੰਗੇ ਤੋਂ ਸਲਾਹ ਨਹੀਂ ਦੇਣੀ ਚਾਹੀਦੀ  ਇਸ ਨਾਲ ਕਦਰ ਘੱਟ ਜਾਂਦੀ ਹੈ, ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ।ਪੰਜਾਬ ਕਾਂਗਰਸ ਹਰ ਮੁੱਦੇ 'ਤੇ ਗੱਲ ਕਰਦੀ ਰਹੀ ਹੈ ਸਾਡੀ ਪਾਰਟੀ ਨੇ ਪੰਜਾਬ ਦਾ ਹਰ ਮੁੱਦਾ ਉਠਾਇਆ ਹੈ। ਹਰ ਆਗੂ ਨੂੰ ਪਾਰਟੀ ਪੱਧਰ 'ਤੇ ਆ ਕੇ ਗੱਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ।"


ਟੈਂਡਰ ਘੁਟਾਲੇ 'ਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਬੋਲਦੇ ਹੋਏ ਵੜਿੰਗ ਨੇ ਕਿਹਾ, "ਭਾਰਤ ਭੂਸ਼ਣ ਸਾਡਾ ਭਰਾ ਹੈ ਅਤੇ ਉਸ 'ਤੇ ਕੋਈ ਵੀ ਦੋਸ਼ ਸਾਬਤ ਨਹੀਂ ਹੋਵੇਗਾ, ਸਾਡੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕੋਲੋਂ ਮਰਜ਼ੀ ਪੁੱਛ ਗਿੱਛ ਕਰ ਲਵੋ ਕੁੱਛ ਨਹੀਂ ਮਿਲੇਗਾ।ਵਿਜੀਲੈਂਸ ਆਪਣੇ ਬੰਦੇ ਲਿਆ ਕੇ ਸਾਡਾ ਵਿਰੁਧ ਪ੍ਰਦਰਸ਼ਨ ਕਰਵਾਉਂਦੀ ਹੈ।"


ਰਾਜਾ ਵੜਿੰਗ ਨੇ ਕਿਹਾ, "ਕਾਂਗਰਸ ਪਾਰਟੀ ਕੋਈ ਧਰਨਾ ਨਹੀਂ ਦੇ ਰਹੀ, ਸਿਰਫ ਆਪਣੇ ਸਾਥੀ ਦੇ ਪੱਖ 'ਚ ਬੈਠੀ ਹੈ।ਅਸੀਂ ਕੋਈ ਨਾਅਰਾ ਨਹੀਂ ਲਗਾਇਆ ਅਤੇ ਜਿਸ ਜਗ੍ਹਾ 'ਤੇ ਅਸੀਂ ਬੈਠੇ ਹਾਂ ਉਸ ਦਾ ਚੇਅਰਮੈਨ ਸਾਡੀ ਪਾਰਟੀ ਦਾ ਹੈ।ਅਸੀਂ ਉਸ ਦੇ ਕਹਿਣ 'ਤੇ ਹੀ ਇੱਥੇ ਬੈਠੇ ਹਾਂ। ਕੋਈ ਧਾਰਾ 144 ਨਹੀਂ ਹੈ, ਅਸੀਂ ਕਿਸੇ ਸੜਕ 'ਤੇ ਨਹੀਂ ਹਾਂ, ਅਸੀਂ ਇਮਾਰਤ ਦੇ ਅੰਦਰ ਬੈਠੇ ਹਾਂ।"



ਸੁਨੀਲ ਜਾਖੜ 'ਤੇ ਬੋਲਦੇ ਹੋਏ ਵੜਿੰਗ ਨੇ ਕਿਹਾ, ਮੈਂ ਤਿੰਨ ਵਾਰ ਪੰਜਾਬ ਦਾ ਐਮਐਲਏ ਰਿਹਾ ਹਾਂ ਅਤੇ ਉਸਦੇ ਬਾਅਦ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਿਆ। ਮੈਂ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ।ਇਸ ਲਈ ਜੋ ਵੱਡੇ ਲੋਕ ਹਨ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਮੈਂ ਕਿਦਾਂ ਪ੍ਰਧਾਨ ਬਣ ਗਿਆ।ਮੈਂ ਲੰਬਾ ਸਫ਼ਰ ਤੈਅ ਕੀਤਾ ਜੋ ਲੋਕਾਂ ਨੇ ਤਾਂ ਪਸੰਦ ਕੀਤਾ ਪਰ ਵੱਡੇ ਲੀਡਰ ਸ਼ਾਇਦ ਇਸਨੂੰ ਪਸੰਦ ਨਾ ਕਰਦੇ ਹੋਣ।"