Inderjit Nikku: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੰਨੀਂ ਦਿਨੀਂ ਬੁਰੇ ਦੌਰ `ਚੋਂ ਗੁਜ਼ਰ ਰਹੇ ਹਨ। ਇਸ ਦਰਮਿਆਨ ਉਨ੍ਹਾਂ ਦੇ ਫ਼ੈਨਜ਼ ਤੇ ਪੰਜਾਬੀ ਇੰਡਸਟਰੀ ਵੱਲੋਂ ਮਿਲੇ ਹੌਸਲੇ ਨੇ ਸਿੰਗਰ ਦਾ ਉਤਸ਼ਾਹ ਵਧਾਇਆ ਹੈ। ਬੀਤੇ ਦਿਨੀਂ ਜਦੋਂ ਨਿੱਕੂ ਦੀ ਬਾਬੇ ਦੇ ਦਰਬਾਰ `ਚੋਂ ਵੀਡੀਓ ਸਾਹਮਣੇ ਆਈ ਤਾਂ ਉਹ ਆਪਣੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਨਜ਼ਰ ਆਏ। ਇਸ ਦੌਰਾਨ ਬਾਬੇ ਨੂੰ ਆਪਣਾ ਦੁੱਖੜਾ ਸੁਣਾਉਂਦੇ ਹੋਏ ਉਹ ਕਾਫ਼ੀ ਭਾਵੁਕ ਹੋ ਗਏ। ਇਹ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋ ਗਈ। 


ਇਸ ਤੋਂ ਬਾਅਦ ਉਨ੍ਹਾਂ ਦੇ ਫ਼ੈਨਜ਼ ਨੇ ਨਿੱਕੂ ਦਾ ਸਪੋਰਟ ਕਰਨਾ ਸ਼ੁਰੂ ਕਰ ਦਿਤਾ। ਜਿਸ ਕਰਕੇ ਸਿੰਗਰ ਕਾਫ਼ੀ ਖੁਸ਼ ਨਜ਼ਰ ਆਏ। ਫ਼ੈਨਜ਼ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਵੀ ਉਨ੍ਹਾਂ ਨੂੰ ਖੁੱਲ੍ਹਾ ਸਮਰਥਨ ਦਿੰਦੇ ਦਿਖਾਈ ਦਿਤੇ। ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਨੇ ਤਾਂ ਉਨ੍ਹਾਂ ਨੂੰ ਫ਼ਿਲਮ `ਚ ਗੀਤ ਦਾ ਆਫ਼ਰ ਵੀ ਦੇ ਦਿੱਤਾ। 


ਹੁਣ ਇਸ ਸਭ ਤੋਂ ਖੁਸ਼ ਹੋ ਕੇ ਨਿੱਕੂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ `ਤੇ ਆਪਣੇ ਫ਼ੈਨਜ਼ ਤੇ ਸਾਥੀ ਕਲਾਕਾਰਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਪ੍ਰੈੱਸ, ਮੀਡੀਆ ਤੇ ਟੀਵੀ ਚੈਨਲਾਂ ਦਾ ਵੀ ਖਾਸ ਧੰਨਵਾਦ ਦਿਤਾ, ਜਿਨ੍ਹਾਂ ਨੇ ਉਨ੍ਹਾਂ ਦੀ ਖਬਰ ਨੂੰ ਪ੍ਰਮੁੱਖਤਾ ਨਾਲ ਵਿਖਾਇਆ। 





ਸੋਸ਼ਲ ਮੀਡੀਆ ਤੇ ਲੰਬੀ ਚੌੜੀ ਪੋਸਟ ਪਾ ਕੇ ਨਿੱਕੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, "ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ🙏
ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਓਂ, ਮੇਰਾ ਪੂਰਾ ਪਰਿਵਾਰ ਇਹ ਖੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨੀ ਕਰ ਸਕਦਾ। ਮੇਰੀ ਆਪਣੀ ਸਾਰੀ ਇੰਡਸਟਰੀ ਦਾ ਸਾਥ, ਸਿੰਗਰਸ, ਰਾਈਟਰਸ, ਮਿਊਜਿਕ ਡਾਇਰੈਕਟਰਸ, ਮਿਊਜਿਕ ਕੰਪਨੀਜ, ਪਰਦੇਸਾਂ ਚ ਬੈਠੇ ਮੇਰੇ ਪਰਮੋਟਰ ਭਰਾ, ਦੇਸਾਂ ਪ੍ਰਦੇਸਾਂ ਚ’ ਬੈਠੇ ਮੇਰੇ ਚਾਹੁਣ ਵਾਲੇ ਮੇਰੇ ਮਿੱਤਰ ਪਿਆਰੇ, ਟੀ.ਵੀ ਚੈਨਲਸ, ਸੋਸ਼ਲ ਨੈਟਵਰਕ, ਪਰਿੰਟ ਮੀਡੀਆ ਤੇ ਪ੍ਰੈਸ ਮੀਡੀਆ, ਸਭ ਦਾ ਬਹੁਤ ਬਹੁਤ ਧੰਨਬਾਦ। 


ਦੂਜੀ ਮੇਰੇ ਦਿਲ ਦੀ ਗੱਲ:- ਮੇਰੀ ਸਭ ਨੂੰ ਹੱਥ ਜੋੜਕੇ ਬੇਨਤੀ ਐ, ਕਿ ਮੈਨੂੰ ਪੈਸੇ ਨੀ, ਤੁਹਾਡਾ ਸਭ ਦਾ ਸਾਥ ਚਾਹੀਦੈ । ਆਪਣੀਆਂ ਖੁਸ਼ੀਆਂ ਚ’ ਪਹਿਲਾਂ ਵਾਂਗੂੰ ਫੇਰ ਸ਼ਾਮਿਲ ਕਰ ਲਓ, ਦੇਸਾਂ ਪ੍ਰਦੇਸਾਂ ਚ’ ਫਿਰ ਪੰਜਾਬੀਆਂ ਦੇ ਆਮਣੇ ਸਾਹਮਣੇ ਰੂਬ-ਰੂ ਹੋਕੇ, ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ।


ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਦਾ ਪੰਜਾਬੀ ਇੰਡਸਟਰੀ ਨੂੰ ਵੱਡਮੁੱਲਾ ਯੋਗਦਾਨ ਹੈ। ਉਨ੍ਹਾਂ ਦੇ ਗਾਏ ਗੀਤ ਅੱਜ ਤੱਕ ਵਿਆਹਾਂ ਸ਼ਾਦੀਆਂ ਦੇ ਫ਼ੰਕਸ਼ਨਾਂ ਤੇ ਚਲਦੇ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਦਿੱਤੇ ਹਨ।