ਚੰਡੀਗੜ੍ਹ: ਪੰਜਾਬ ਸਰਕਾਰ ਆਯੂਸ਼ਮਾਨ ਸਕੀਮ ਤਹਿਤ ਚੰਡੀਗੜ੍ਹ ਦੇ ਹਸਪਤਾਲਾਂ ਦੇ ਬਕਾਏ ਦਾ ਭੁਗਤਾਨ ਇਕੱਠੇ ਕਰਨ ਦੀ ਬਜਾਏ ਮਰੀਜ਼ਾਂ ਦੀ ਸੂਚੀ ਦੇ ਆਧਾਰ 'ਤੇ ਕਰੇਗੀ। ਇਸ ਕਾਰਨ ਦੂਜੇ ਪੜਾਅ ਦੇ ਬਕਾਏ ਦੀ ਅਦਾਇਗੀ ਦੀ ਪ੍ਰਕਿਰਿਆ ਫਿਲਹਾਲ ਸ਼ੁਰੂ ਨਹੀਂ ਹੋ ਸਕੀ। ਪੰਜਾਬ ਸਰਕਾਰ ਨੇ ਯੂਟੀ ਪ੍ਰਸ਼ਾਸਨ ਨਾਲ ਪੀਜੀਆਈ ਤੋਂ ਪੰਜਾਬ ਦੇ ਮਰੀਜ਼ਾਂ ਦੀ ਸੂਚੀ ਮੰਗੀ ਹੈ ਤਾਂ ਜੋ ਹਰੇਕ ਮਰੀਜ਼ ਦੇ ਇਲਾਜ ਲਈ ਆਉਣ ਵਾਲੇ ਖਰਚੇ ਦਾ ਭੁਗਤਾਨ ਕੀਤਾ ਜਾ ਸਕੇ। ਪੀਜੀਆਈ ਤੇ ਹੋਰ ਹਸਪਤਾਲ ਦੂਜੀ ਕਿਸ਼ਤ ਦੀ ਉਡੀਕ ਕਰ ਰਹੇ ਹਨ।



ਇਸ ਦੇ ਨਾਲ ਹੀ ਇਸ ਪ੍ਰਕਿਰਿਆ ਤੋਂ ਬਾਅਦ ਭੁਗਤਾਨ ਦੀ ਰਫਤਾਰ ਅੱਗੇ ਵਧੇਗੀ ਤੇ ਪ੍ਰਾਪਤ ਹੋਈ ਰਕਮ ਨੂੰ ਵੀ ਕਿਸ਼ਤਾਂ ਵਿੱਚ ਵੰਡਿਆ ਜਾਵੇਗਾ। ਪੰਜਾਬ ਸਰਕਾਰ ਆਯੂਸ਼ਮਾਨ ਸਕੀਮ ਤਹਿਤ PGI ਦਾ 10 ਕਰੋੜ ਦਾ ਭੁਗਤਾਨ ਕਰ ਦਿੱਤਾ ਹੈ ਤੇ 16 ਕਰੋੜ ਬਕਾਇਆ ਹੈ। ਇਸੇ ਤਰ੍ਹਾਂ ਸਰਕਾਰ ਨੇ GMCH-32 ਹਸਪਤਾਲ ਦਾ 88 ਲੱਖ ਬਕਾਇਆ ਅਦਾ ਕਰ ਦਿੱਤਾ ਹੈ ਤੇ 3 ਕਰੋੜ ਬਕਾਇਆ ਹੈ। ਇਸ ਦੇ ਇਲਾਵਾ ਸਰਕਾਰ ਨੇ GMSH ਹਸਪਤਾਲ ਦਾ  22 ਲੱਖ ਬਕਾਇਆ ਅਦਾ ਕਰ ਦਿੱਤਾ ਹੈ ਤੇ 3 ਕਰੋੜ ਬਕਾਇਆ ਖੜ੍ਹਾ ਹੈ।

ਦੱਸ ਦੇਈਏ ਕਿ ਪੀਜੀਆਈ ਸਮੇਤ ਯੂਟੀ ਪ੍ਰਸ਼ਾਸਨ ਦੇ ਹਸਪਤਾਲਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਪੰਜਾਬ ਵੱਲ ਹੋਣ ਕਾਰਨ ਉੱਥੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਵਾਰ 100 ਕਰੋੜ ਜਾਰੀ ਕਰ ਦਿੱਤੇ ਸਨ, ਜਿਸ ਵਿੱਚੋਂ ਚੰਡੀਗੜ੍ਹ ਦਾ ਵੀ ਕੁਝ ਬਕਾਇਆ ਸੀ। ਇਸ ਦੀ ਅਗਲੀ ਕਿਸ਼ਤ 15 ਦਿਨਾਂ ਬਾਅਦ ਜਾਰੀ ਕੀਤੀ ਜਾਣੀ ਸੀ ਪਰ ਹੁਣ ਪਤਾ ਲੱਗਾ ਹੈ ਕਿ ਪੰਜਾਬ ਨੇ ਮਰੀਜ਼ਾਂ ਦੀ ਸੂਚੀ ਮੰਗ ਲਈ ਹੈ, ਜਿਸ ਦੇ ਆਧਾਰ 'ਤੇ ਅਦਾਇਗੀ ਕੀਤੀ ਜਾਵੇਗੀ।


 

ਪੀਜੀਆਈ ਨੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਨੂੰ ਇਸ ਸਕੀਮ ਦਾ ਲਾਭ ਦੇਣ 'ਤੇ ਰੋਕ ਲਗਾ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ 1 ਅਗਸਤ ਤੋਂ ਬਾਅਦ ਹੁਣ ਕਿਸੇ ਵੀ ਮਰੀਜ਼ ਨੂੰ ਇਹ ਲਾਭ ਨਹੀਂ ਮਿਲੇਗਾ। ਹਾਲਾਂਕਿ ਦੂਜੇ ਸੂਬਿਆਂ ਦੇ ਮਰੀਜ਼ਾਂ ਨੂੰ ਪਹਿਲਾਂ ਵਾਂਗ ਹੀ ਲਾਭ ਮਿਲਦਾ ਰਹੇਗਾ। ਪੀਜੀਆਈ ਵਿੱਚ ਹਰ ਰੋਜ਼ ਵੱਡੀ ਗਿਣਤੀ 'ਚ ਪੰਜਾਬ ਦੇ ਅਜਿਹੇ ਮਰੀਜ਼ਾਂ ਦਾ ਇਲਾਜ ਹੁੰਦਾ ਸੀ। ਇਸ ਸਕੀਮ ਤਹਿਤ ਕਈ ਮਰੀਜ਼ਾਂ ਦੀਆਂ ਵੱਡੀਆਂ ਸਰਜਰੀਆਂ ਤੇ ਟੈਸਟ ਵੀ ਮੁਫ਼ਤ ਹੁੰਦੇ ਸਨ।