Money Laundering Case: ਮਹਾਠੱਗ ਸੁਕੇਸ਼ ਚੰਦਰਸ਼ੇਖਰ ਕੇਸ ਨੂੰ ਲੈ ਕੇ ਬਾਲੀਵੁੱਡ ਸਟਾਰ ਜੈਕਲੀਨ ਫਰਨਾਂਡੀਜ਼ ਦਾ ਨਾਮ ਲਗਾਤਾਰ ਸੁਰਖੀਆਂ ਵਿੱਚ ਹੈ। ਬੁੱਧਵਾਰ ਨੂੰ, ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ 200 ਕਰੋੜ ਦੀ ਫਿਰੌਤੀ ਦੇ ਮਾਮਲੇ ਵਿੱਚ ਜੈਕਲੀਨ ਫਰਨਾਂਡਿਸ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਹੁਣ ਖਬਰਾਂ ਆ ਰਹੀਆਂ ਹਨ ਕਿ ਜੈਕਲੀਨ ਕਨਮੈਨ ਸੁਕੇਸ਼ ਚੰਦਰਸ਼ੇਖਰ ਨਾਲ ਵਿਆਹ ਦੇ ਸੁਪਨੇ ਸਜਾ ਰਹੀ ਸੀ।


ਜੈਕਲੀਨ ਸੁਕੇਸ਼ ਨਾਲ ਵਿਆਹ ਕਰਨਾ ਚਾਹੁੰਦੀ ਸੀ
ਜੈਕਲੀਨ ਫਰਨਾਂਡੀਜ਼ ਨੂੰ ਸੁਕੇਸ਼ ਚੰਦਰਸ਼ੇਖਰ ਕੇਸ ਦੇ ਸਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚਾਰਜਸ਼ੀਟ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ । ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੈਕਲੀਨ ਫਰਨਾਂਡੀਜ਼ ਨੂੰ ਸੁਕੇਸ਼ ਦੇ ਜ਼ਰੀਏ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੇ ਪੈਸਿਆਂ ਤੋਂ ਤੋਹਫ਼ੇ ਅਤੇ ਆਰਥਿਕ ਲਾਭ ਮਿਲੇ ਸਨ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਹ ਉਸ ਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਮੰਨਣ ਲੱਗੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ।


ਇੰਨਾ ਹੀ ਨਹੀਂ, ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਰਵਿੰਦਰ ਯਾਦਵ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ, "ਸੁਕੇਸ਼ ਨੇ ਅਭਿਨੇਤਰੀ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ, ਕਿਉਂਕਿ ਉਸ ਕੋਲ ਬਹੁਤ ਸਾਰੀਆਂ ਗੈਰ-ਕਾਨੂੰਨੀ ਜਾਇਦਾਦਾਂ ਸਨ । ਇਸ 'ਚ ਜੈਕਲੀਨ ਫਰਨਾਂਡੀਜ਼ ਦੇ ਮੈਨੇਜਰ ਪ੍ਰਸ਼ਾਂਤ ਤੋਂ ਕਰੀਬ 8 ਲੱਖ ਰੁਪਏ ਦੀ ਸੁਪਰ ਬਾਈਕ ਡੁਕਾਟੀ ਬਰਾਮਦ ਹੋਈ, ਜੋ ਸੁਕੇਸ਼ ਨੇ ਤੋਹਫੇ 'ਚ ਦਿੱਤੀ ਸੀ ।


ਜੈਕਲੀਨ ਨੇ ਸੁਕੇਸ਼ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਰਿਸ਼ਤੇ ਨਹੀਂ ਤੋੜੇ
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਈਓਡਬਲਯੂ ਅਧਿਕਾਰੀ ਰਵਿੰਦਰ ਯਾਦਵ ਨੇ ਕਿਹਾ ਕਿ- '200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦਾ ਅਪਰਾਧਕ ਇਤਿਹਾਸ ਜਾਣਨ ਤੋਂ ਬਾਅਦ ਵੀ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੇ ਉਸ ਨਾਲ ਨਾਤਾ ਨਹੀਂ ਤੋੜਿਆ, ਜਿਸ ਕਾਰਨ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ । ਉਥੇ ਹੀ ਦੂਜੇ ਪਾਸੇ ਅਭਿਨੇਤਰੀ ਨੋਰਾ ਫਤੇਹੀ ਨੂੰ ਸੁਕੇਸ਼ ਬਾਰੇ ਕੁਝ ਗਲਤ ਗੱਲਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਦੂਰੀ ਬਣਾ ਲਈ ।